
ਲੁਧਿਆਣਾ, 19 ਅਗਸਤ : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦਾ ਖਾਤਮਾ ਕਰਨ ਲਈ ਨਗਰ ਕੌਂਸਲ ਸਾਹਨੇਵਾਲ ਦੇ ਵਾਰਡ ਨੰ. 9,10 ਅਤੇ 11 ਵਿਖੇ ਈਸ਼ਵਰ ਜੋਤ ਪਬਲਿਕ ਸਕੂਲ ’ਚ ਇਕਜੁੱਟ ਹੋਣ ਦੀ ਸਹੁੰ ਚੁਕਾਈ। ਉਨ੍ਹਾਂ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਲਈ ਲੋਕਾਂ ਦੇ ਭਰਵੇਂ ਹੁੰਗਾਰੇ ਲਈ ਧੰਨਵਾਦ ਵੀ ਕੀਤਾ। ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਗਲਤ ਰਾਹ ’ਤੇ ਲਿਜਾਣ ਵਾਲੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਹੀਲੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਦੀ ਕਾਲੀ ਕਮਾਈ ਨਾਲ ਉਸਾਰੀਆਂ ਨਾਜਾਇਜ਼ ਜਾਇਦਾਦਾਂ ਨੂੰ ਢਹਿ-ਢੇਰੀ ਕੀਤਾ ਜਾਵੇਗਾ। ਉਨ੍ਹਾਂ ਵਿਲੇਜ ਡਿਫੈਂਸ ਕਮੇਟੀਆਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ’ਤੇ ਮਿਸਾਲੀ ਕਾਰਵਾਈਆਂ ਕਰ ਕੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ ਦਿੱਤਾ ਹੈ ਤੇ ਹੁਣ ਨੌਜਵਾਨ ਨਸ਼ਿਆਂ ਤੋਂ ਪਾਸਾ ਵੱਟ ਕੇ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ’ਚ ਅਹਿਮ ਯੋਗਦਾਨ ਪਾ ਰਹੇ ਹਨ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਨਸ਼ਾ ਛੁਡਾਉਣ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਪਹਿਲਾਂ ਹੀ ਵੱਡੇ ਪੱਧਰ ’ਤੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਤੇ ਨਸ਼ਾਖੋਰੀ ਨਾਲ ਜੂਝ ਰਹੇ ਵਿਅਕਤੀਆਂ ਦੇ ਸਹੀ ਇਲਾਜ ਤੇ ਸਲਾਹ ਸੇਵਾਵਾਂ ਪ੍ਰਦਾਨ ਕਰਨ ਲਈ ਮੁੜ ਵਸੇਬਾ ਸੰਸਥਾਵਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਅਕਤੀਆਂ ਨੂੰ ਸਿਖਲਾਈ ਪ੍ਰੋਗਰਾਮਾਂ ਰਾਹੀਂ ਰੋਜ਼ਗਾਰ ਦੇ ਵੱਖ-ਵੱਖ ਮੌਕੇ ਤੇ ਹੁਨਰ ਵਧਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਕਾਬਿਲ ਬਣਾਇਆ ਜਾਵੇਗਾ। ਨਸ਼ਿਆਂ ਦੇ ਖਾਤਮੇ ਦੇ ਯਤਨਾਂ ਦਾ ਸਮਰਥਨ ਕਰਨ ਲਈ ਸਿਵਲ ਸੋਸਾਇਟੀ, ਉਦਯੋਗ, ਵਿੱਦਿਅਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਤੇ ਹੋਰਾਂ ਦੇ ਸਹਿਯੋਗ ਨਾਲ, ਨਸ਼ਿਆਂ ਵਿਰੁੱਧ ਇੱਕ ਜਨਤਕ ਜਾਗਰੂਕਤਾ ਮੁਹਿੰਮ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸਮਾਜ ਨੂੰ ਜਾਗਰੂਕ ਕਰਨ ਲਈ ਵਿਸ਼ਾਲ ਮੈਰਾਥਨ ਦਾ ਆਯੋਜਨ ਕਰਨ ਤੋਂ ਇਲਾਵਾ ਥਇਏਟਰਾਂ ਜਾਂ ਸੋਸ਼ਲ ਮੀਡੀਆ ’ਚ ਛੋਟੀਆਂ ਵੀਡੀਓ ਕਲਿੱਪਾਂ, ਕੰਧ ਚਿੱਤਰਾਂ, ਸਕੂਲ ’ਚ ਰੋਜ਼ਾਨਾ ਨਸ਼ਿਆਂ ਵਿਰੁੱਧ 5 ਮਿੰਟ ਦਾ ਭਾਸ਼ਣ ਆਦਿ ਨੂੰ ਲੋਕ ਲਹਿਰ ਬਣਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜਾਂ ਤਾਂ ਨਸ਼ਾ ਤਸਕਰ ਆਤਮ-ਸਮਰਪਣ ਕਰ ਦੇਣ ਨਹੀਂ ਤਾਂ ਗੰਭੀਰ ਨਤੀਜੇਂ ਭੁਗਤਣ ਲਈ ਤਿਆਰ ਰਹਿਣ, ਕਿਉਂਕਿ ‘ਆਪ’ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਫਤਿਹ ਹਾਸਲ ਕਰਨ ਤੱਕ ਚੈਨ ਨਾਲ ਨਹੀਂ ਬੈਠੇਗੀ। ਇਸ ਮੌਕੇ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਰਾਣੀ, ਟ੍ਰੇਡ ਵਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ, ਸੀਨੀ. ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ, ਵਾਈਸ ਪ੍ਰਧਾਨ ਸਵਰਨ ਕੁਮਾਰ ਸੋਨੀ, ਕੌਂਸਲਰ ਜਸਵਿੰਦਰ ਕੌਰ ਤਲਵਾੜਾ, ਕੌਂਸਲਰ ਸਵਰਨਜੀਤ ਕੌਰ, ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ, ਕੌਂਸਲਰ ਕੁਲਦੀਪ ਕੌਰ, ਕੌਂਸਲਰ ਪਲਵਿੰਦਰ ਸੰਧੂ, ਈਓ ਬਲਵੀਰ ਸਿੰਘ ਗਿੱਲ,ਇੰਜੀ. ਦਲਜੀਤ ਸਿੰਘ, ਇੰਸ. ਗੁਰਮੁਖ ਸਿੰਘ ਦਿਓਲ, ਈਟੀਓ ਗੁਰਦੀਪ ਸਿੰਘ ਕੌਲ, ਗੁਰਮੀਤ ਸਿੰਘ ਪੱਪੂ ਤਲਵਾੜਾ, ਸਤਵਿੰਦਰ ਸਿੰਘ ਹੈਪੀ, ਕੀਰਤਨ ਸਿੰਘ ਬੱਬੂ ਬਿਰਦੀ ਤੋਂ ਇਲਾਵਾ ਭਾਰੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।



