
ਬਾਲ ਕਿਸ਼ਨ
ਫ਼ਿਰੋਜ਼ਪੁਰ, 18 ਜੁਲਾਈ : ਫਿਰੋਜ਼ਪੁਰ ਜ਼ਿਲ੍ਹੇ ਦੀ ਨਿੱਜੀ ਵਿੱਤੀ ਸੰਸਥਾ ਕੈਪੀਟਲ ਸਮਾਲ ਫਾਇਨੈਂਸ ਬੈਂਕ ਫਿਰੋਜ਼ਪੁਰ ’ਚ ਜ਼ਿੰਮੀਦਾਰਾਂ ਨਾਲ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆ ਉੱਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਜਿਮੀਦਾਰਾਂ ਦੀਆਂ ਲਿਮਟਾਂ ਬਣਾਉਣ ਦੇ ਨਾਂ ’ਤੇ ਉਨ੍ਹਾਂ ਤੋਂ ਸਾਰੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰ ਕੇ ਖਾਤਿਆਂ ਵਿੱਚੋਂ ਲੱਖਾਂ ਰੁਪਏ ਕੱਢ ਕੇ ਖੁਰਦ-ਬੁਰਦ ਕਰ ਦਿੱਤੇ ਹਨ। ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਕਈ ਕਿਸਾਨ ਬੈਂਕ ਵੱਲੋਂ ਦਿੱਤੀ ਗਈ ਲੋਨ/ਲਿਮਟ ਦੀ ਸਕੀਮ ਅਧੀਨ ਆਪਣੇ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਜ਼ਮੀਨ ਦੀਆਂ ਜਮਾਂਬੰਦੀਆਂ, ਪੈਨ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਬੈਂਕ ਵਿੱਚ ਜਮ੍ਹਾਂ ਕਰਵਾ ਚੁੱਕੇ ਸਨ। ਉਨ੍ਹਾਂ ਤੋਂ ਨੋਟਰੀ ਹੋਏ ਕਾਗਜ਼ ਅਤੇ ਸੱਟਾਮ ਪੇਪਰਾਂ ’ਤੇ ਵੀ ਦਸਤਖ਼ਤ ਕਰਵਾਏ ਗਏ। ਪਰ ਲਿਮਟ ਮਿਲਣ ਦੀ ਉਡੀਕ ਕਰਦੇ ਕਰਦੇ ਕਈ ਮਹੀਨੇ ਲੰਘ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰੁਕਣਾ ਮੁੰਗਲਾ ਦੇ ਕਿਸਾਨ ਜੋਗਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਵਾਰ ਵਾਰ ਬੈਂਕ ਦਫ਼ਤਰ ਜਾਂਦੇ ਰਹੇ ਤਾਂ ਉਨ੍ਹਾਂ ਨੂੰ ਬੈਂਕ ਮੈਨੇਜਰ ਤੇ ਬਾਕੀ ਅਮਲੇ ਵੱਲੋਂ ਕਿਹਾ ਜਾਂਦਾ ਕਿ ਲਿਮਟ ਬਣਨ ਵਿਚ ਹੋਰ ਸਮਾਂ ਲੱਗੇਗਾ। ਹਾਲਾਂਕਿ ਵਾਰ ਵਾਰ ਆਪਣੇ ਖਾਤੇ ਦੀ ਸਟੇਟਮੈਂਟ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ ਪਾਸਬੁੱਕ ਤੇ ਸਟੇਟਮੈਂਟ ਨਹੀ ਦਿੱਤੀ ਗਈ। ਬਾਅਦ ਵਿਚ ਉਨ੍ਹਾਂ ਨੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਲਿਮਟ ਖਾਤੇ ਵਿੱਚੋਂ 7 ਲੱਖ 20 ਹਜ਼ਾਰ ਰੁਪਏ ਅਤੇ ਲੋਨ ਖਾਤੇ ਵਿੱਚੋਂ 80 ਹਜ਼ਾਰ ਦੀ ਰਕਮ ਬੈਂਕ ਕਰਮਚਾਰੀ ਜਗਦੀਪ ਸਿੰਘ ਪੁੱਤਰ ਬਲਜੀਤ ਸਿੰਘ ਨੇ ਆਪ ਹੀ ਕਢਵਾ ਲਈ ਹੈ। ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਖਾਤੇ ਵਿੱਚੋਂ ਤੇ ਕਈ ਹੋਰ ਖਾਤਿਆਂ ਵਿੱਚੋਂ ਉਕਤ ਬੈਂਕ ਮੁਲਾਜ਼ਮ ਜਗਦੀਪ ਸਿੰਘ ਨੇ ਸਾਰੀ ਰਾਸ਼ੀ ਕਥਿਤ ਤੌਰ ’ਤੇ ਆਪਣੀ ਧਰਮ ਪਤਨੀ, ਆਪਣੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਹੈ ਜਿਸਦਾ ਵੇਰਵਾ ਕਈ ਸਟੇਟਮੈਂਟਾਂ ਮਿਲਣ ਤੋਂ ਬਾਅਦ ’ਚ ਸਾਹਮਣੇ ਆ ਰਿਹਾ ਹੈ। ਇਸ ਤੋਂ ਬਾਅਦ ਹੋਰ ਪੀੜਤ ਕਿਸਾਨਾਂ ਪ੍ਰਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਲੱਖਾ ਭੇਡੀਆਂ ਜ਼ਿਲ੍ਹਾ ਫਿਰੋਜ਼ਪੁਰ ਨੇ ਵੀ ਆਪਣੇ ਖਾਤੇ ਚੈੱਕ ਕਰਵਾਏ ਤਾਂ ਉਸਦੇ ਖਾਤੇ ਵਿੱਚੋਂ 10 ਲੱਖ 60 ਹਜ਼ਾਰ ਰੁਪਏ ਨਿਕਲ ਚੁੱਕੇ ਹੋਣ ਦੀ ਪੁਸ਼ਟੀ ਹੋਈ। ਬੇ ਧਿਆਨੀ ਵਿਚ ਰਹੇ ਕਿਸਾਨਾਂ ਨੂੰ ਆਪਣੀ ਰਕਮ ਖੋ ਜਾਣ ਦਾ ਅਹਿਸਾਸ ਕਾਫੀ ਦੇਰ ਬਾਅਦ ਹੋਇਆ। ਮੌਕੇ ਤੇ ਬੈਂਕ ਪੁੱਜੇ ਕਿਸਾਨ ਜਿਹਨਾ ਨੇ ਬੈਂਕ ਮੁਲਾਜ਼ਮਾਂ ਤੇ ਜਾਅਲਸਾਜ਼ੀ ਕਰਨ ਦੇ ਕਥਿਤ ਦੋਸ਼ ਲਾਏ ਨੇ ਉਨ੍ਹਾਂ ਵਿਚ ਨਿਸ਼ਾਨ ਸਿੰਘ, ਸਤਨਾਮ ਸਿੰਘ, ਲਾਲਜੀਤ ਸਿੰਘ, ਜਗਦੀਪ ਸਿੰਘ, ਸੁੱਖਾ ਸਿੰਘ, ਗੁਰਜੰਟ ਸਿੰਘ, ਬਚਿੱਤਰ ਸਿੰਘ, ਜਤਿੰਦਰ ਸਿੰਘ, ਜਤਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਬਾਲੇ ਵਾਲਾ ਅਤੇ ਮਹਿਲ ਸਿੰਘ ਨੇ ਕਥਿਤ ਦੋਸ਼ ਲਗਾਏ ਕਿ ਫਿਰੋਜ਼ਪੁਰ ਸਥਿਤ ਕੈਪੀਟਲ ਸਮਾਲ ਫਾਇਨੈਂਸ ਬੈਂਕ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਸੀ ਮੇਲ ਜੋਲ ਤਹਿਤ ਉਨ੍ਹਾਂ ਨਾਲ ਕਥਿਤ ਤੌਰ ਤੇ ਘਪਲੇਬਾਜ਼ੀ ਕੀਤੀ ਹੈ ਅਤੇ ਬੈਂਕ ਦੇ ਬਹੁ ਗਿਣਤੀ ਅਧਕਾਰੀਆਂ ਦੀ ਸ਼ਮੂਲੀਅਤ ਬਗੈਰ ਬਹੁ ਕਰੋੜੀ ਘਪਲਾ ਕਰਨਾ ਨਾਮੁਮਕਿਨ ਹੈ। ਮੌਕੇ ’ਤੇ ਮੌਜ਼ੂਦ ਕਿਸਾਨਾਂ ਨੇ ਕਿਹਾ ਕਿ ਇਸ ਕਥਿਤ ਘਪਲੇ ਸਬੰਧੀ ਉਨ੍ਹਾਂ ਨੇ ਕਈ ਵਾਰ ਬੈਂਕ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਕੀਤੀ ਪਰ ਉਨ੍ਹਾਂ ਦੀ ਦਰਖਾਸਤ ਤੇ ਕਦੇ ਵੀ ਕੋਈ ਕਾਰਵਾਈ ਨਹੀਂ ਹੋਈ ਕਈ ਮਹੀਨੇ ਪਹਿਲਾਂ ਤੋਂ ਇਸ ਬਾਰੇ ਘਪਲੇ ਬੈਂਕ ਮੈਨੇਜਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਕਥਿਤ ਮਿਲੀ ਭੁਗਤ ਕਾਰਨ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਸਬੰਧੀ ਜਦੋਂ ਕੈਪੀਟਲ ਫਰਨਾਂਸ ਬੈਂਕ ਫਿਰੋਜ਼ਪੁਰ ਦੇ ਮੈਨੇਜਰ ਰੋਹਿਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਕ੍ਰਮ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਸਭ ਕੁਝ ਲਈ ਜ਼ਿੰਮੇਵਾਰ ਕਰਮਚਾਰੀ ਜਗਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਮਮਦੋਟ ਕਈ ਦਿਨਾਂ ਤੋਂ ਬੈਂਕ ਨਹੀਂ ਆ ਰਿਹਾ ਇਸ ਸਬੰਧੀ ਮੁੱਖ ਦਫਤਰ ਤੋਂ ਬੈਂਕ ਦੀ ਜਾਂਚ ਟੀਮ ਪਿਛਲੇ ਤਿੰਨ ਚਾਰ ਦਿਨਾਂ ਤੋਂ ਡੂੰਘਾਈ ਨਾਲ ਇਹ ਸਾਰੇ ਮਾਮਲੇ ਦੀ ਘੋਖ ਕਰ ਰਹੀ ਹੈ ਹੈ। ਜੋ ਵੀ ਦੋਸ਼ੀ ਸਾਹਮਣੇ ਆਉਣਗੇ ਉਨ੍ਹਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋਏ ਪੀੜਤ ਜ਼ਿੰਮੀਦਾਰਾਂ ਦੇ ਪੈਸੇ ਵਾਪਸ ਕਰਵਾਏ ਜਾਣਗੇ।



