Punjab

ਕੈਨੇਡਾ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ ’ਚ ਕਰਨ ਲੱਗਾ ਆਨਾਕਾਨੀ

66 ਫ਼ੀਸਦੀ ਆਈ ਗਿਰਾਵਟ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 26 ਅਗਸਤ : ਅਮਰੀਕਾ ਵਲੋਂ ਭਾਰਤੀਆਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਇਕ ਵਾਰੀ ਮੁੜ ਭਾਰਤੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸਦਾ ਅੰਦਾਜਾ ਇਸ ਗੱਲ ਤੋਂ ਮਿਲ ਸਕਦਾ ਹੈ ਕਿ ਕੈਨੇਡਾ ਨੇ ਇਸ ਵਾਰੀ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ ’ਚ ਭਾਰੀ ਕਮੀ ਕਰ ਦਿੱਤੀ ਹੈ। ਕੈਨੇਡਾਈ ਨਾਗਰਿਕਤਾ ਤੇ ਇਮੀਗਰੇਸ਼ਨ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਅਪ੍ਰੈਲ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ਼ 17,885 ਸਟਡੀ ਵੀਜ਼ਾ ਜਾਰੀ ਕੀਤੇ ਗਏ, ਜਦਕਿ ਇਸੇ ਸਮੇਂ ’ਚ 2024 ’ਚ ਇਹ ਗਿਣਤੀ 55,660 ਵਿਦਿਆਰਥੀ ਸਨ। ਯਾਨੀ ਇਸ ਵਿਚ 66 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਸਮੇਂ ਦੌਰਾਨ ਜਾਰੀ ਕੁਲ ਸਟੱਡੀ ਵੀਜ਼ਿਆਂ ’ਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਵੀ ਪਿਛਲੇ ਸਾਲ ਦੇ 45 ਫ਼ੀਸਦੀ ਤੋਂ ਘੱਟ ਕੇ ਇਸ ਸਾਲ 32 ਫ਼ੀਸਦੀ ’ਤੇ ਆ ਗਈ। ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਾਲੀਆ ਸਾਲਾਂ ’ਚ ਖਾਸੇ ਤਣਾਅਪੂਰਣ ਹੋ ਗਏ ਹਨ। ਇਸਦਾ ਕਾਰਨ ਖਾਲਿਸਤਾਨੀ ਵੱਖਵਾਦੀ ਸਰਗਰਮੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ’ਚ ਵਧਦਾ ਵਿਵਾਦ ਹੈ। ਭਾਰਤ ਲੰਬੇ ਸਮੇਂ ਤੋਂ ਕੈਨੇਡਾ ’ਤੇ ਦੋਸ਼ ਲਗਾਉਂਦਾ ਰਿਹਾ ਹੈ ਕਿ ਉਹ ਖਾਲਿਸਤਾਨੀ ਸਮਰਥਕ ਸੰਗਠਨਾਂ ਨੂੰ ਖੁੱਲ੍ਹੀ ਛੋਟ ਦਿੰਦਾ ਹੈ, ਜਿਹੜੇ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਹਨ। ਸਤੰਬਰ 2023 ’ਚ ਇਹ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁੱਲ੍ਹੈਆਮ ਭਾਰਤ ’ਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕੈਨੇਡਾ ’ਤੇ ਅੱਤਵਾਦੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ। ਇਸਦੇ ਬਾਅਦ ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਕੂਟਨੀਤਕਾਂ ਨੂੰ ਬਰਖਾਸਤ ਕੀਤਾ ਤੇ ਵਪਾਰ ਤੇ ਵੀਜ਼ਾ ਸਬੰਧਾਂ ’ਤੇ ਵੀ ਅਸਰ ਪਿਆ। ਆਈਆਰਸੀਸੀ ਦੇ ਅੰਕੜਿਆਂ ਦੇ ਮੁਤਾਬਕ ਜਨਵਰੀ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੁੱਲ ਸਟਡੀ ਪਰਮਿਟ 99,950 ਤੋਂ ਘੱਟ ਕੇ 47,695 ਰਹਿ ਗਏ। ਉੱਥੇ, ਕੁੱਲ ਮਿਲਾ ਕੇ ਕੈਨੇਡਾ ਵਲੋਂ ਜਾਰੀ ਸਾਰੇ ਸਟਡੀ ਪਰਮਿਟਾਂ ਦੀ ਗਿਣਤੀ 245,055 ਤੋਂ ਘੱਟ ਕੇ 149,860 ਹੋ ਗਈ। ਯਾਨੀ ਲਗਪਗ ਇਕ ਲੱਖ ਦੀ ਕਮੀ। ਮਾਹਿਰਾਂ ਦੇ ਮੁਤਾਬਕ, ਇਹ ਗਿਰਾਵਟ ਕੈਨੇਡਾ ਦੀਆਂ ਸਖਤ ਨੀਤੀਆਂ ਦਾ ਨਤੀਜਾ ਹੈ। ਕੋਵਿਡ ਮਗਰੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ’ਚ ਭਾਰੀ ਵਾਧੇ ਦੇ ਕਾਰਨ ਦੇਸ਼ ’ਚ ਮਕਾਨ ਦੀਆਂ ਕੀਮਤਾਂ, ਹੈਲਥਕੇਅਰ ਤੇ ਟਰਾਂਸਪੋਰਟ ਇੰਫ੍ਰਾਸਟ੍ਰਕਚਰ ’ਤੇ ਦਬਾਅ ਵਧਿਆ। ਕੈਨੇਡਾ ਸਰਕਾਰ ਦੀ ਨਵੀਂ ਪਾਲਿਸੀ ਦੇ 2025 ’ਚ ਸਟਡੀ ਪਰਮਿਟ ਦੀ ਵੱਧ ਤੋਂ ਵੱਧ ਹੱਦ 4,37,000 ਤੈਅ ਕੀਤੀ ਗਈ ਹੈ, ਜਿਹੜੀ 2024 ਦੇ ਟੀਚੇ 4,85,000 ਤੋਂ ਘੱਟ ਹੈ। ਇਹ ਨਵੀਂ ਹੱਦ 2026 ’ਤੇ ਵੀ ਲਾਗੂ ਹੋਵੇਗੀ। ਜਨਵਰੀ 2024 ਤੋਂ ਨਵੇਂ ਨਿਯਮਾਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਵਿੱਤੀ ਵਸੀਲਿਆਂ ਦਾ ਸਬੂਤ ਦੇਣਾ ਪਵੇਗਾ, ਜਿਸ ਨਾਲ ਅਰਜ਼ੀਆਂ ਔਖੀਆਂ ਹੋ ਗਈਆਂ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਟਰੈਂਡ ਆਉਣ ਵਾਲੇ ਮਹੀਨਿਆਂ ’ਚ ਵੀ ਜਾਰੀ ਰਹਿ ਸਕਦਾ ਹੈ, ਜਿਸ ਨਾਲ ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਹੋਰ ਪ੍ਰਭਾਵਿਤ ਹੋ ਸਕਦਾ ਹੈ।

ਗਿਰਾਵਟ ਦੇ ਕਾਰਨ

ਮਾਹਿਰਾਂ ਦੇ ਮੁਤਾਬਕ ਇਹ ਗਿਰਾਵਟ ਪਿਛਲੇ ਸਾਲ ਤੋਂ ਸ਼ੁਰੂ ਹੋਈ ਸੀ ਤੇ 2025 ’ਚ ਹੋਰ ਤੇਜ਼ ਹੋ ਗਈ। ਮੁੱਖ ਕਾਰਨ ਹਨ:

ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਪਾਬੰਦੀਆਂ: ਕੈਨੇਡਾ ਨੇ ਸਟਡੀ ਪਰਮਿਟ ਜਾਰੀ ਕਰਨ ’ਤੇ ਸਖਤੀ ਕੀਤੀ ਹੈ।

ਹਾਊਸਿੰਗ ਕ੍ਰਾਇਸਸ: ਵਿਦੇਸ਼ੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਰਿਹਾਇਸ਼ਾਂ ਦੀ ਕਮੀ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ।

ਬੁਨਿਆਦੀ ਢਾਂਚੇ ’ਤੇ ਦਬਾਅ: ਸਿਹਤ ਸੇਵਾਵਾਂ ਤੇ ਟਰਾਂਸਪੋਰਟ ਸਿਸਟਮ ’ਤੇ ਬੋਝ ਵਧਣ ਨਾਲ ਵਿਰੋਧ ਦੀ ਲਹਿਰ।

ਨਵੀਂਆਂ ਨੀਤੀਆਂ: ਦਸੰਬਰ 2023 ਤੋਂ ਨਵੇਂ ਨਿਯਮ ਲਾਗੂ ਹੋਏ, ਜਿਨ੍ਹਾਂ ’ਚ ਟਿਊਸ਼ਨ ਤੇ ਰਹਿਣ ਦਾ ਖਰਚ ਦਿਖਾਉਣ ਦੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button