Punjab
ਰਾਵੀ ਦਾ ਪਾਣੀ ਵਧਣ ਤੇ ਬਾਊਪੁਰ ਆਧੀਆਂ ਧੁੱਸੀ ਟੁੱਟਣ ਦਾ ਖਤਰਾ ਵਧਿਆ
ਵਰਦੇ ਮੀਂਹ 'ਚ ਪਿੰਡ ਦੇ ਲੋਕਾਂ ਵੱਲੋਂ ਧੁੱਸੀ ਬੰਨ੍ਹ ਨੂੰ ਬੋਰੀਆਂ ਨਾਲ ਬੰਨਣਾ ਸ਼ੁਰੂ

ਕਲਾਨੌਰ, 26 ਅਗਸਤ : ਰਾਵੀ ਦਰਿਆ ਦੇ ਵਧੇ ਪਾਣੀ ਦੇ ਪੱਧਰ ਕਾਰਨ ਸਰਹੱਦੀ ਪਿੰਡ ਬਾਊਪੁਰ ਤੇ ਆਧੀਆਂ ‘ਚ ਧੁੱਸੀ ਬੰਨ੍ਹ ਨੇੜੇ ਰਾਵੀ ਦਾ ਪਾਣੀ ਪਹੁੰਚਣ ਉਪਰੰਤ ਖਸਤਾ ਹਾਲਤ ਧੁੱਸੀ ਨੂੰ ਬਣਾਉਣ ਲਈ ਪਿੰਡ ਦੇ ਲੋਕਾਂ ਵੱਲੋਂ ਅੱਜ ਹੜ ਤੋਂ ਬਚਣ ਲਈ ਵਰਦੇ ਮੀਂਹ ਹੀ ਬੋਰੀਆਂ ਨਾਲ ਬੰਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਤੇ ਭਾਈ ਲਖਵਿੰਦਰ ਸਿੰਘ ਆਧੀਆਂ ਅਤੇ ਹੋਰ ਪਿੰਡ ਦੀ ਮੋਹਤਬਰਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਲਾਕੇ ਦੇ ਲੋਕਾਂ ਤੋਂ ਮੰਗ ਕੀਤੀ ਹੈ ਕਿ ਬਾਊਪੁਰ ਆਧੀਆਂ ਧੁੱਸੀ ਰਾਵੀ ਦੇ ਵਧੇ ਪਾਣੀ ਕਾਰਨ ਕਦੇ ਵੀ ਟੁੱਟ ਸਕਦੀ ਹੈ ਜਿਸ ਖਸਤਾ ਹਾਲਤ ਧੁੱਸੀ ਨੂੰ ਬਣਾਉਣ ਲਈ ਟਰੈਕਟਰ ਟਰਾਲੀਆਂ ਅਤੇ ਪਿੰਡਾਂ ਦੇ ਨੌਜਵਾਨ ਜਲਦੀ ਜਲਦੀ ਪਹੁੰਚਣ ਤਾਂ ਜੋ ਇਸ ਧੁੱਸੀ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ਤੋਂ 1988 1993 ਅਤੇ 1995 ਵਿੱਚ ਰਾਵੀ ਦੇ ਪਾਣੀ ਨਾਲ ਧੁੱਸੀ ਟੁੱਟ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਵਿੱਚ ਤਬਾਹੀ ਹੋਈ ਸੀ।



