
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ : ਪਿੰਡ ਰੁਪਾਣਾ ਦੇ ਵਾਸੀ ਜਸਵਿੰਦਰ ਸਿੰਘ ਪੁੱਤਰ ਸਵ. ਮਹਿੰਦਰ ਸਿੰਘ ਮਾਨ ਦੀ ਧੀ ਪਵਨਦੀਪ ਕੌਰ ਨੇ ਘਰੇਲੂ ਦਿਮਾਗੀ ਪਰੇਸ਼ਾਨੀ ਕਰ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਆਪਣੇ ਘਰ ’ਚ ਫਾਹਾ ਲੈ ਕੇ ਬੀਤੀ 24 ਅਗਸਤ ਨੂੰ ਆਤਮ ਹੱਤਿਆ ਕਰ ਲਈ ਸੀ। ਕੈਨੇਡਾ ਸ਼ਹਿਰ ਬਰੈਂਪਟਨ ਦੀਆਂ ਸਮਾਜ ਸੇਵੀ ਸੰਸਥਾਵਾਂ, ਮ੍ਰਿਤਕ ਲੜਕੀ ਦੇ ਤਾਏ ਅਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਕਾਨੂੰਨੀ ਬਣਦੀ ਕਾਰਵਾਈ ਕਰਨ ਉਪਰੰਤ ਅੱਜ 15ਵੇਂ ਦਿਨ ਮ੍ਰਿਤਕ ਲੜਕੀ ਦੀ ਲਾਸ਼ ਨੂੰ ਉਸਦੇ ਨਜ਼ਦੀਕੀ ਰਿਸ਼ਤੇਦਾਰੀ ’ਚ ਪਿੰਡ ਰੁਪਾਣਾ ਵਿਚ ਲਿਆਂਦਾ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਪੰਜ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਸੀ। ਉਸਦੇ ਅੰਤਿਮ ਸੰਸਕਾਰ ਮੌਕੇ ਉਸਦੇ ਪਿਤਾ ਤੇ ਬਾਕੀ ਪਰਿਵਾਰਕ ਮੈਂਬਰ ਸ਼ਾਮਲ ਨਾ ਹੋਣ ਕਰਕੇ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਆਪਣੀ ਧੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਕੋਈ ਬੋਲਚਾਲ ਨਹੀਂ ਸੀ।



