ਕੈਨੇਡਾ ’ਚ ਵਾਹਨ ਹਟਾਉਣ ਸਬੰਧੀ ਗਿਰੋਹ ਦੇ 18 ਲੋਕ ਗ੍ਰਿਫ਼ਤਾਰ, ਭਾਰਤੀ ਮੂਲ ਦੇ ਹਨ ਫੜੇ ਗਏ ਜ਼ਿਆਦਾਤਰ ਲੋਕ

ਟੋਰਾਂਟੋ, 18 ਜੂਨ : ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸੜਕਾਂ ਤੋਂ ਵਾਹਨ ਹਟਾਉਣ (ਟੋਇੰਗ) ਦੇ ਕਾਰੋਬਾਰ ਨਾਲ ਜੁੜੇ ਇਕ ਸੰਗਠਤ ਅਪਰਾਧਕ ਗਿਰੋਹ ਦਾ ਪਰਦਾਫ਼ਾਸ਼ ਕਰਨ ਤੋਂ ਬਾਅਦ ਪੁਲਿਸ ਨੇ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 42 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਟੋਇੰਗ ਕਾਰੋਬਾਰ ਚ ਸੜਕ ’ਤੇ ਖ਼ਰਾਬ ਹੋਏ, ਜ਼ਬਤ ਕੀਤੇ ਗਏ ਜਾਂ ਨਾਜਾਇਜ਼ ਤੌਰ ’ਤੇ ਪਾਰਕ ਕੀਤੇ ਗਏ ਵਾਹਨਾਂ ਨੂੰ ਹਟਾਉਣ ਲਈ ਵਿਸ਼ੇਸ਼ ਟਰੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ, ਮੁਲਜ਼ਮਾਂ ਦੀ ਨਾਗਰਿਕਤਾ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ’ਚੋਂ ਜ਼ਿਆਦਤਰ ਭਾਰਤੀ ਮੂਲ ਦੇ, ਖ਼ਾਸ ਤੌਰ ’ਤੇ ਪੰਜਾਬ ਦੇ ਹਨ। ਇਨ੍ਹਾਂ ’ਚ ਕਿੰਗ ਸਿਟੀ ਦੀ 37 ਸਾਲਾ ਮਹਿਲਾ ਹਲੇਹ ਜਾਵੇਦੀ ਤੋਰਾਬੀ ਤੇ ਬ੍ਰੈਮਪਟਨ ਦੇ 17 ਮਰਦ ਸ਼ਾਮਿਲ ਹਨ। ਜਿਨ੍ਹਾਂ ਮਰਦਾਂ ਦੇ ਨਾਂ ਸਾਹਮਣੇ ਆਏ ਹਨ ਉਨ੍ਹਾਂ ’ਚ ਇੰਦਰਜੀਤ ਧਾਮੀ, ਪਰਿਤੋਸ਼ ਚੋਪੜਾ, ਗੁਰਬਿੰਦਰ ਸਿੰਘ, ਕੁਲਵਿੰਦਰ ਪੁਰੀ, ਪਰਮਿੰਦਰ ਪੁਰੀ, ਇੰਦਰਜੀਤ ਬਲ, ਵਰੁਣ ਔਲ, ਕੇਤਨ ਚੋਪੜਾ. ਨਾਰਮਨ ਤਾਜੇਹਕੰਦ, ਪਵਨਦੀਪ ਸਿੰਘ, ਦੀਪਾਂਸ਼ੂ ਗਰਮ, ਰਾਹੁਲ ਵਰਮਾ, ਕਰਨ ਬੋਪਾਰਾਏ, ਮਨਕੀਰਤ ਬੋਪਾਰਾਏ, ਸਿਮਰ ਬੋਪਾਰਾਏ, ਜੋਵਨ ਸਿੰਘ ਤੇ ਅਭਿਨਵ ਭਾਰਦਵਾਜ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ’ਤੇ ਅਪਰਾਧਕ ਗਿਰੋਹ ਚਲਾਉਣ, ਜਬਰੀ ਵਸੂਲੀ ਕਰਨ, ਧੋਖਾਦੜੀ, ਹਥਿਆਰ ਰੱਖਣ ਤੇ ਹੋਰ ਨਾਲ ਸਬੰਧਤ ਕੁਲ 97 ਅਪਰਾਧਕ ਮਾਮਲੇ ਦਰਜ ਹਨ।



