ਕੈਨੇਡਾ ‘ਚ ਗੁਰਦਾਸਪੁਰ ਦੇ ਨੌਜਵਾਨ ਦੀ Car Accident ‘ਚ ਮੌਤ
ਮਹੀਨੇ ਬਾਅਦ ਪਿੰਡ ਪਹੁੰਚੀ ਲਾਸ਼; ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਗੁਰਦਾਸਪੁਰ, 26 ਮਈ- ਜ਼ਿਲ੍ਹੇ ਦੇ ਕਸਬਾ ਜੌੜਾ ਛਤਰਾਂ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਉਸ ਦੀ ਦੇਹ ਇਕ ਮਹੀਨੇ ਬਾਅਦ ਪਿੰਡ ਪਹੁੰਚਣ ‘ਤੇ ਪੂਰੇ ਰੀਤੀ-ਰਿਵਾਜ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮਰਹੂਮ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਗਪਗ ਡੇਢ ਸਾਲ ਪਹਿਲਾਂ ਮਰਹੂਮ ਭਗਤਵੀਰ ਸਿੰਘ ਆਪਣੇ ਚੰਗੇ ਭਵਿੱਖ ਦੀ ਖਾਤਰ ਕੈਨੇਡਾ ਗਿਆ ਸੀ। 21 ਅਪ੍ਰੈਲ ਨੂੰ ਉਸਦਾ ਕੈਨੇਡਾ ਦੇ ਅਲਬਰਟਾ ਦੇ ਰੈੱਡ ਡੀਅਰ ‘ਚ ਭਿਆਨਕ ਕਾਰ ਐਕਸੀਡੈਂਟ ਹੋ ਗਿਆ ਸੀ। ਉਸਨੂੰ ਕੈਲਗਰੀ ਦੇ ਹਸਪਤਾਲ ਵਿਚ ਕਈ ਦਿਨਾਂ ਤਕ ਭਰਤੀ ਕੀਤਾ ਗਿਆ, ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।ਆਖਿਰਕਾਰ, ਉਸਨੇ ਦਮ ਤੋੜ ਦਿੱਤਾ। ਹਾਦਸੇ ਬਾਰੇ ਉਸਦੇ ਦੋਸਤਾਂ ਨੇ ਜਾਣਕਾਰੀ ਦਿੱਤੀ। ਲਗਪਗ ਇਕ ਮਹੀਨੇ ਬਾਅਦ, ਉਸਦੀ ਲਾਸ਼ ਪਿੰਡ ਪਹੁੰਚੀ ਹੈ। ਪਰਿਵਾਰ ਨੇ ਦੱਸਿਆ ਕਿ ਮਰਹੂਮ ਭਗਤਵੀਰ ਸਿੰਘ ਦੇ ਪਿਤਾ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੀ, ਜੋ ਕਿ ਵਾਟਰ ਸਪਲਾਈ ‘ਚ ਨੌਕਰੀ ਕਰਦੇ ਸਨ। ਛੋਟੀ ਉਮਰੇ ਪੁੱਤਰ ਦੇ ਜਹਾਨੋਂ ਤੁਰ ਜਾਣ ਕਾਰਨ ਪਰਿਵਾਰ ਦਾ ਬੁਰਾ ਹਾਲ ਹੈ। ਮਰਹੂਮ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਰਹੂਮ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਮਦਦ ਕੀਤੀ ਜਾਵੇ।



