ਕੇਵਲ ਹਮਦਰਦੀ ਨਾਲ ਨਹੀਂ ਸਰਨਾ, ਸਰਕਾਰਾਂ ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਕਰਨ ਯਤਨ – ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ (ਬਠਿੰਡਾ), 16 ਫਰਵਰੀ- ਅਮਰੀਕਾ ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ ਚ ਉਤਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰੇ ਜਾ ਰਹੇ ਨੌਜਵਾਨਾਂ ਨੂੰ ਗਲਵਕੜੀ ‘ਚ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਇਕ ਕੇਂਦਰੀ ਮੰਤਰੀ ਗਏ ਚੰਗੀ ਗੱਲ ਹੈ, ਪਰ ਕੇਵਲ ਹਮਦਰਦੀ ਦਿਖਾਉਣ ਨਾਲ ਕੁਝ ਨਹੀਂ ਹੋਣਾ ਸਗੋਂ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣੇ ਚਾਹੀਦੇ ਹਨ।ਐਥੋਂ ਜਾਰੀ ਬਿਆਨ ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਪਿਸ ਪਰਤੇ ਨੌਜਵਾਨਾਂ ਚੋਂ ਵਧੇਰੇ ਕਰਜ਼ਾ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਗਏ ਸਨ ਅਤੇ ਹੁਣ ਵਾਪਿਸ ਪਰਤਣ ਉਪਰੰਤ ਉਨ੍ਹਾਂ ‘ਤੇ ਘਰ ਦਾ ਗੁਜ਼ਾਰਾ ਚਲਾਉਣ ਦੇ ਨਾਲ ਨਾਲ ਕਰਜ਼ਾ ਉਤਾਰਨ ਦਾ ਵੀ ਦਬਾਅ ਹੋਵੇਗਾ।ਹੁਣ ਸਭ ਤੋਂ ਵੱਧ ਲੋੜ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਬਾਂਹ ਫੜੇ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਦਾਅ ‘ਤੇ ਲਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕਰੇ।ਸਿੰਘ ਸਾਹਿਬ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਈ ਕਿ ਅੰਮ੍ਰਿਤਸਰ ਸਾਹਿਬ ਨੂੰ ਡਿਪੋਰਟ ਸੈਂਟਰ ‘ਚ ਨਾ ਬਦਲਿਆ ਜਾਵੇ। ਉਨ੍ਹਾਂ ਨੇ ਕੇਂਦਰ ਦੇ ਉਸ ਤਰਕ ਨੂੰ ਵੀ ਖਾਰਿਜ ਕੀਤਾ ਕਿ ਅੰਮ੍ਰਿਤਸਰ ਸਾਹਿਬ ਅਮਰੀਕਾ ਤੋਂ ਨੇੜੇ ਪੈਂਦਾ ਹੋਣ ਕਾਰਣ ਹੀ ਐਥੇ ਜਹਾਜ਼ ਉਤਾਰੇ ਜਾ ਰਹੇ ਹਨ।ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਸੱਚਮੁਚ ਅੰਮ੍ਰਿਤਸਰ ਸਾਹਿਬ ਨੇੜੇ ਪੈਂਦਾ ਹੈ ਤਾਂ ਮੁੱਖ ਮੰਤਰੀ ਦੀ ਮੰਗ ਮੁਤਾਬਿਕ ਐਥੋਂ ਅਮਰੀਕਾ ਕਨੇਡਾ ਨੂੰ ਸਿੱਧੀਆਂ ਕੌਮਾਂਤਰੀ ਉਡਾਨਾਂ ਦੀ ਪਰਵਾਨਗੀ ਵੀ ਦੇ ਦਿੱਤੀ ਜਾਣੀ ਚਾਹੀਦੀ ਹੈ।



