Punjab

ਕੇਂਦਰ ਸਰਕਾਰ ਵੱਲੋਂ ਦਿੱਤੇ ਸਨਮਾਨ ਨੂੰ ਪਿੰਡ ਵਾਸੀਆਂ ਨੇ ਵਾਪਸ ਕਰਨ ਦਾ ਲਿਆ ਫੈਸਲਾ

ਨਾਭਾ, 24 ਅਗਸਤ : ਪਿੰਡ ਕਾਲਸਨਾ ਦੇ ਸਮੁੱਚੇ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਵੱਲੋਂ ਪਿੰਡ ਨੂੰ ਦਿੱਤੇ ਗਏ ਸਨਮਾਨ ਨੂੰ ਵਾਪਸ ਦਿੱਤੇ ਜਾਣ ਦਾ ਫੈਸਲਾ ਲਿਆ ਹੈ। ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨੇ ਕਿਹਾ ਕਿ ਬੇਇਜ਼ਤ ਅਤੇ ਜਲੀਲ ਕਰ ਕੇ ਦਿੱਤਾ ਗਿਆ ਸਨਮਾਨ ਮਨਜ਼ੂਰ ਨਹੀਂ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਿੰਡ ਦੇ ਸਰਪੰਚ ਨੂੰ ਪੀਣ ਵਾਲਾ ਪਾਣੀ ਸੈਨੀਟੇਸ਼ਨ ਵਿਭਾਗ ਜਲ ਸ਼ਕਤੀ ਮੰਤਰਾਲੈ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਪਿੰਡ ਦੀ ਨੁਹਾਰ ਬਦਲਣ ਕਰ ਕੇ ਵਿਸ਼ੇਸ਼ ਸਨਮਾਨ ਲਈ 15 ਅਗਸਤ ਤੇ ਦਿੱਲੀ ਲਾਲ ਕਿਲ੍ਹੇ ਵਿੱਚ ਪਹੁੰਚਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਜਦੋਂ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਜੋ ਕਿ ਅੰਮ੍ਰਿਤਧਾਰੀ ਸਿੱਖ ਨੇ ਸ੍ਰੀ ਸਾਹਿਬ ਪਾ ਕੇ ਲਾਲ ਕਿਲ੍ਹੇ ਵਿੱਚ ਗਏ ਤਾਂ ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਉਸ ਸਮਾਗਮ ਵਿੱਚ ਨਹੀਂ ਜਾਣ ਦਿੱਤਾ ਗਿਆ। ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਇਸ ਗੱਲ ਦੀ ਉਸ ਸਮੇਂ ਦੇ ਹਾਜ਼ਰ ਏਐੱਸਪੀ ਸ਼ਸ਼ੀਕਾਂਤ ਗੋਰ ਵੱਲੋਂ ਸ਼ਰਤ ਰੱਖੀ ਗਈ ਕਿ ਤੁਸੀਂ ਆਪਣੀ ਸ੍ਰੀ ਸਾਹਿਬ ਉਤਾਰ ਕੇ ਟੈਂਟ ਵਿੱਚ ਬਣਾਈ ਗਈ ਥਾਂ ’ਤੇ ਰੱਖ ਦਿਓ ਤੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਉਪਰੰਤ ਆ ਕੇ ਲੈ ਜਾ ਸਕਦੇ ਹੋ। ਉਨ੍ਹਾਂ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੋਂ ਮਨ੍ਹਾਂ ਕਰ ਦਿੱਤਾ ਤੇ ਪਿੰਡ ਵਾਪਸ ਆ ਗਏ। ਮੌਜੂਦਾ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਿੰਡ ਦੇ ਸਰਪੰਚ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਨਾ ਤਾਂ ਕੋਈ ਟੈਲੀਫੋਨ ਕੀਤਾ ਗਿਆ ਤੇ ਨਾ ਹੀ ਪਿੰਡ ਵਿੱਚ ਕਿਸੇ ਸੰਸਥਾ ਦੇ ਆਗੂ ਵੱਲੋਂ ਆ ਕੇ ਸੰਪਰਕ ਕੀਤਾ ਗਿਆ। ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਜਨਰਲ ਇਜਲਾਸ ਰੱਖਿਆ ਸੀ। ਪਿੰਡ ਪਹੁੰਚੇ ਅਮਿਤੋਜ ਮਾਨ ਹਮੀਰ ਸਿੰਘ ਲੁਬਾਣਾ ਸਰਪੰਚ ਗੁਰਬਚਨ ਸਿੰਘ ਬਿੱਲੂ ਮੱਲੇਵਾਲ ਗੁਰਕੀਰਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਿੱਖ ਕੌਮ ਨਾਲ ਪਿਛਲੇ ਲੰਬੇ ਸਮੇਂ ਤੋਂ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਨ ਕਿ ਉਹ ਇਸ ਗੱਲ ਦੀ ਪਿੰਡ ਕਾਲਸਨਾ ਵਿਖੇ ਆ ਕੇ ਮਾਫੀ ਮੰਗੇ।

Related Articles

Leave a Reply

Your email address will not be published. Required fields are marked *

Back to top button