
ਸੰਗਰੂਰ, 21 ਜੁਲਾਈ : ਐਤਵਾਰ ਨੂੰ ਆਪਣੇ ਵਿਧਾਨ ਸਭਾ ਹਲਕਾ ਧੂਰੀ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਧੂਰੀ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ, ਉਸੇ ਤਰ੍ਹਾਂ ਉਹ ਵੀ ਧੂਰੀ ਦੇ ਲੋਕਾਂ ਦੀਆਂ ਮੰਗਾਂ ’ਤੇ ਤੁਰੰਤ ਕੰਮ ਕਰਦੇ ਰਹਿਣਗੇ ਅਤੇ ਧੂਰੀ ਨੂੰ ਪੰਜਾਬ ਦੇ ਵਿਕਾਸ ਦਾ ਧੁਰਾ ਬਣਾਇਆ ਜਾਵੇਗਾ। ਧੂਰੀ ’ਚ ਲਾਇਬ੍ਰੇਰੀ ਦਾ ਉਦਘਾਟਨ ਕਰਨ ਮਗਰੋਂ ਮੁੱਖ ਮੰਤਰੀ ਮਾਨ ਸ੍ਰੀ ਸਨਾਤਨ ਧਰਮ ਆਸ਼ਰਮ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਧੂਰੀ ’ਚ ਬਣਨ ਵਾਲੇ ਰੇਲਵੇ ਬ੍ਰਿਜ਼ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਕੇਂਦਰ ਦੀ ਮਦਦ ਤੋਂ ਬਿਨਾਂ ਆਪਣੇ ਪੈਸਿਆਂ ਨਾਲ ਪੁਲ ਦਾ ਨਿਰਮਾਣ ਕਰੇਗੀ। ਉਨ੍ਹਾਂ ਧੂਰੀ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਧੂਰੀ ’ਚ ਹੁਣ ਤੱਕ 62 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਤੇ ਛੇਤੀ ਧੂਰੀ ਦੇ ਦੇਸ਼ ਭਗਤ ਕਾਲਜ ’ਚ ਵਿਸ਼ਵ ਪੱਧਰੀ ਸਟੇਡੀਅਮ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਪਿੰਡਾਂ ’ਚ ਛੱਪੜਾਂ ਦਾ ਆਧੁਨਿਕੀਕਰਨ ਕਰਨ ਤੋਂ ਇਲਾਵਾ 19000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਲਈ ਨਹਿਰੀ ਪਾਣੀ ਮੁਹੱਇਆ ਕਰਵਾਉਣ ਲਈ 700 ਕਿਲੋਮੀਟਰ ਪਾਈਪ ਲਾਈਨ ਵਿਛਾਈ ਗਈ ਹੈ, ਜਿਸ ਨਾਲ ਨਹਿਰੀ ਪਾਣੀ ਨਾਲ ਖੇਤਾਂ ’ਚ ਸਿੰਚਾਈ ਦਾ ਰਕਬਾ 21 ਫ਼ੀਸਦੀ ਤੋ ਵਧ ਕੇ 63 ਫ਼ੀਸਦੀ ਹੋ ਗਿਆ ਹੈ। ਪੰਜਾਬ ’ਚ 800 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਤੇ ਛੇਤੀ 700 ਕਲੀਨਿਕ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ’ਚ ਅਜਿਹਾ ਪਹਿਲਾਂ ਸੂਬਾ ਹੋਵੇਗਾ, ਜਿੱਥੇ ਫਾਇਰ ਬ੍ਰਿਗੇਡ ਵਿਭਾਗ ’ਚ ਲੜਕੀਆਂ ਨੂੰ ਨੌਕਰੀ ਦਿੱਤੀ ਗਈ ਅਤੇ ਸੜਕ ਸੁਰੱਖਿਆ ਫੋਰਸ ਬਣਾਉਣ ਨਾਲ ਸੜਕ ਹਾਦਸਿਆਂ ’ਚ 48 ਫ਼ੀਸਦੀ ਮੌਤਾਂ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬਣਨ ਵਾਲੇ ਅੱਠ ਯੂਪੀਐੱਸਸੀ ਕੇਂਦਰਾਂ ’ਚੋਂ ਇਕ ਧੂਰੀ ’ਚ ਵੀ ਬਣਾਇਆ ਜਾਵੇਗਾ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਉਹ ਕੰਮ ਕਰ ਕੇ ਦਿਖਾਏ ਹਨ, ਜੋ ਉਨ੍ਹਾਂ ਕਦੇ ਸੋਚੇ ਵੀ ਨਹੀਂ ਹੋਣਗੇ। ਇਸ ਮੌਕੇ ਮੁੱਖ ਮੰਤਰੀ ਨੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੂੰ 3 ਕਰੋੜ 7 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਜਸਵੀਰ ਸਿੰਘ ਸੇਖੋਂ, ਗੁਰਮੇਲ ਸਿੰਘ ਘਰਾਚੋਂ, ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਵਕਫ ਬੋਰਡ ਪੰਜਾਬ ਦੇ ਮੈਂਬਰ ਡਾ. ਅਨਵਰ ਭਸੌੜ ਮੌਜੂਦ ਸਨ।



