ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 16 ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਫ਼ਿਰੋਜ਼ਪੁਰ, 10 ਅਪ੍ਰੈਲ-ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਤਲਾਸ਼ੀ ਦੌਰਾਨ 3 ਟੱਚ ਮੋਬਾਈਲ ਫੋਨ, 8 ਕੀਪੈਡ ਮੋਬਾਈਲ ਫੋਨ, 170 ਪੂੜੀਆਂ ਜਰਦਾ, 7 ਡੱਬੀਆਂ ਸਿਗਰਟ, 12 ਬੰਡਲ ਬੀੜੀਆਂ, 3 ਡਾਟਾ ਕੇਬਲ, 1 ਹੈਡਫੋਨ, 2 ਵਾਇਰਲੈਸ ਏਅਰਫੋਨ, 2 ਕੁਲਿਪ ਬਰਾਮਦ ਕਰਕੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਕੈਦੀ, ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 42, 52ਏ ਪ੍ਰੀਜਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਇਕ ਪੱਤਰ ਨੰਬਰ 1960 ਰਾਹੀਂ ਦੱਸਿਆ ਕਿ ਮਿਤੀ 20 ਮਾਰਚ 2025 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਤੇ ਕੇਂਦਰੀ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਥਰੋ ਵਿਚੋਂ 3 ਟੱਚ ਮੋਬਾਈਲ ਫੋਨ, 8 ਕੀ ਪੈਡ ਮੋਬਾਈਲ, 170 ਪੂੜੀਆਂ ਜਰਦਾ, 7 ਡੱਬੀਆਂ ਸਿਗਰਟ, 12 ਬੰਡਲ ਬੀੜੀਆਂ, 3 ਡਾਟਾ ਕੇਬਲ, 1 ਹੈੱਡਫੋਨ, 2 ਫਾਇਰਲੈੱਸ ਏਅਰਫੋਨ, 2 ਕੂਲਿਪ ਬਰਾਮਦ ਹੋਏ। ਜਾਂਚਕਰਤਾ ਰਮਨ ਕੁਮਾਰ ਨੇ ਦੱਸਿਆ ਕਿ ਇਕ ਹੋਰ ਨੰਬਰ 2331 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 4 ਅਪ੍ਰੈਲ 2025 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਨਾਮਜ਼ਦ ਦੋਸ਼ੀਅਨ ਕੈਦੀ ਆਤਮਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਸ ਵਾਲਾ ਜੱਟਾਂ ਮੱਖੂ, ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਬੰਦੀ ਪ੍ਰਭਜੋਤ ਸਿੰਘ ਉਰਫ ਹਰਭਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹਰੀਕੇ ਪੱਤਣ, ਹਵਾਲਾਤੀ ਮੁਖਤਿਆਰ ਸਿੰਘ ਪੁੱਤਰ ਵੀਰ ਸਿੰਘ ਚੱਕ ਪੰਜੇ ਕੇ, ਥਾਣਾ ਗੁਰੂਹਰਸਹਾਏ, ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਵਾਸੀ ਪ੍ਰਤਾਪ ਨਗਰ ਬਠਿੰਡਾ ਥਾਣਾ ਕੋਤਵਾਲੀ ਬਠਿੰਡਾ, ਹਵਾਲਾਤੀ ਬਲਜਿੰਦਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਗਲੀ ਨੰਬਰ 5/2 ਜੋਗੀ ਨਗਰ ਥਾਣਾ ਕਨਾਲ ਕਾਲੋਨੀ ਬਠਿੰਡਾ, ਕੈਦੀ ਸੁਖਦੇਵ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਦੋਲੇ ਵਾਲਾ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਤੇ ਅਣਪਛਾਤੇ ਵਿਅਕਤੀਆਂ ਕੋਲੋਂ 5 ਟੱਚ ਸਕਰੀਨ ਮੋਬਾਇਲ, 8 ਕੀਪੈਡ ਮੋਬਾਇਲ ਫੋਨ, 3 ਡਾਟਾ ਕੇਬਲ, 1 ਚਾਰਜਰ, 2 ਏਅਰਫੋਨ, 4 ਅਡਾਪਟਰ, 1 ਸੂਈ ਪਿੰਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਕੈਦੀ, ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



