Punjab

ਕੁੜੀ ਦੇ ਬਲੈਕਮੇਲ ਕਰਨ ਤੋਂ ਪਰੇਸ਼ਾਨ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲਿਆ

ਬਰਨਾਲਾ, 7 ਜੂਨ :  ਥਾਣਾ ਸ਼ਹਿਣਾ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਬਲੈਕਮੇਲ ਕਰਨ, ਪੈਸੇ ਮੰਗਣ ਅਤੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਲੜਕੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸਦਾ 36 ਸਾਲਾ ਪੁੱਤਰ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਹੈ ਅਤੇ ਉਸਦਾ ਇਕ 11 ਸਾਲਾ ਪੁੱਤਰ ਵੀ ਹੈ। ਬਰਨਾਲਾ ਵਿੱਚ ਜਿੰਮ ਜਾਣ ਵਾਲੇ ਉਸਦੇ ਪੁੱਤਰ ਨੇ ਇਕ ਨੌਜਵਾਨ ਔਰਤ ਨਾਲ ਦੋਸਤੀ ਕੀਤੀ। ਬਾਅਦ ਵਿਚ ਇਸ ਕੁੜੀ ਨੇ ਉਸਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਅਸ਼ਲੀਲ ਵੀਡੀਓ ਬਣਾਈ। ਲੜਕੀ ਪਿਛਲੇ ਡੇਢ ਸਾਲ ਤੋਂ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਦੇ ਪੁੱਤਰ ਨੂੰ ਬਲੈਕਮੇਲ ਕਰ ਰਹੀ ਸੀ। ਬਲੈਕਮੇਲ ਰਾਹੀਂ ਉਹ ਉਸਦੇ ਪੁੱਤਰ ਤੋਂ ਲੱਖਾਂ ਰੁਪਏ ਦਾ ਸੋਨਾ, ਆਈਫੋਨ, ਐਪਲ ਵਾਚ, 19 ਲੱਖ ਰੁਪਏ ਦੇ ਪਲਾਟ ਦੀ ਜਾਅਲੀ ਰਜਿਸਟਰੀ ਤੇ 20 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਉਹ ਧਮਕੀ ਦੇ ਰਹੀ ਸੀ ਕਿ ਜੇਕਰ ਉਸਨੇ ਹੋਰ 20 ਲੱਖ ਰੁਪਏ ਨਾ ਦਿੱਤੇ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗੀ। ਉਸਨੇ ਦੱਸਿਆ ਕਿ ਉਸਦਾ ਪੁੱਤਰ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜੇਕਰ ਉਸਦੇ ਪੁੱਤਰ ਨੂੰ ਕੁਝ ਹੋਇਆ ਤਾਂ ਇਸਦੀ ਜ਼ਿੰਮੇਵਾਰ ਇਹ ਲੜਕੀ ਹੋਵੇਗੀ। ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਇਕ ਲੜਕੀ ਵੱਲੋਂ ਬਲੈਕਮੇਲ ਕਰਨ ਕਾਰਨ ਗੁਰਪ੍ਰੀਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਹਮੀਦੀ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਸੁੱਖੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਨੇ ਬਿਆਨ ਲਿਖਿਆ ਹੈ ਕਿ ਇਸ ਲੜਕੀ ਨੇ ਪਿਛਲੇ ਡੇਢ ਸਾਲ ਵਿੱਚ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਸਦੇ ਪਤੀ ਨੂੰ ਬਲੈਕਮੇਲ ਕੀਤਾ ਅਤੇ ਪਲਾਟ ਅਤੇ ਰਜਿਸਟਰੀ 19 ਲੱਖ ਰੁਪਏ ਵਿੱਚ ਵੇਚ ਦਿੱਤੀ। ਬਲੈਕਮੇਲ ਕਰ ਕੇ ਉਸਨੇ ਚਾਰ ਤੋਲੇ ਸੋਨੇ ਦਾ ਬਰੇਸਲੇਟ, ਤਿੰਨ ਤੋਲੇ ਸੋਨੇ ਦੀ ਚੇਨ, ਸੋਨੇ ਦੇ ਗਹਿਣੇ, ਇੱਕ ਐਪਲ ਘੜੀ, ਇਕ ਆਈਫੋਨ ਲੈ ਲਿਆ। ਇਸ ਤੋਂ ਬਾਅਦ ਹੁਣ ਉਸਦੇ ਪਤੀ ਤੋਂ 20 ਲੱਖ ਰੁਪਏ ਹੋਰ ਮੰਗੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਸੁਖਪ੍ਰੀਤ ਕੌਰ ਸੁੱਖੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ’ਤੇ ਲੈ ਲਿਆ ਗਿਆ ਹੈ। ਜਿਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਦੋਸ਼ੀ ਲੜਕੀ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਸਾਮਾਨ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button