
ਬਰਨਾਲਾ, 16 ਜੁਲਾਈ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਕੇਕਲਾਂ ਅਤੇ ਵਜੀਦਕੇ ਖੁਰਦ ਦੇ ਵਿਚਕਾਰ ਦੀ ਬਠਿੰਡਾ ਬ੍ਰਾਂਚ ਨਹਿਰ ਦੇ ਕਲਿਆਣ ਪੁਲ ਤੋਂ ਨਿਕਲਦੇ ਕੁਰੜ ਰਜਵਾਹੇ ’ਚ 40 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਰਜਵਾਹੇ ਦਾ ਪਾਣੀ ਝੋਨੇ ਦੀਆਂ ਖੜ੍ਹੀਆਂ ਫਸਲਾਂ ’ਚ ਚਲਾ ਗਿਆ। ਇਸ ਕਾਰਨ ਕਿਸਾਨਾਂ ਨੇ ਸਰਕਾਰ ਤੇ ਮਹਿਕਮੇ ਖ਼ਿਲਾਫ਼ ਕੀਤੀ ਨਾਰੇਬਾਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕਾਰਨ ਪਿੰਡ ਵਜੀਦਕੇ ਖੁਰਦ ਦੇ ਕਿਸਾਨਾਂ ਦੀ 100 ਏਕੜ ਫਸਲ ਪਾਣੀ ਦੀ ਲਪੇਟ ’ਚ ਆ ਗਈ ਹੈ। ਕਿਸਾਨ ਜਗਸੀਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਇਕੱਠੇ ਹੋ ਕੇ ਸਰਕਾਰ ਤੇ ਸਬੰਧਤ ਵਿਭਾਗਾਂ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਉਨ੍ਹਾਂ ਮੁਆਵਜ਼ਾ ਦੇਣ ਤੇ ਰਜਵਾਹੇ ਨੂੰ ਨਵੇਂ ਸਿਰੇ ਤੋਂ ਪੱਕਾ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਦੱਸਿਆ ਕਿ ਕਿਸਾਨ ਜਗਸੀਰ ਸਿੰਘ ਦੀ 10 ਏਕੜ ਝੋਨੇ ਦੀ ਫਸਲ ਸੁਖਦੇਵ ਸਿੰਘ ਦੀ 9 ਏਕੜ, ਪ੍ਰਗਟ ਸਿੰਘ ਦੀ 4 ਏਕੜ,ਅਵਤਾਰ ਸਿੰਘ ਦੀ 3 ਏਕੜ, ਅਜਾਇਬ ਸਿੰਘ ਦੀ 8 ਏਕੜ, ਸਰਬਜੀਤ ਸਿੰਘ ਦੀ 5 ਏਕੜ, ਕਰਨੈਲ ਸਿੰਘ ਦੀ 2 ਏਕੜ, ਰਣਜੀਤ ਸਿੰਘ ਦੀ 3 ਏਕੜ, ਹਰਦੀਪ ਸਿੰਘ ਦੀ 4 ਏਕੜ, ਊਧਮ ਸਿੰਘ ਦੀ 3 ਏਕੜ, ਗੁਰਮੁਖ ਸਿੰਘ ਦੀ 4 ਏਕੜ, ਨਰਿੰਦਰ ਸਿੰਘ ਦੀ 6 ਏਕੜ, ਗੁਰਜੰਟ ਸਿੰਘ ਦੀ 7 ਏਕੜ, ਮੰਦਰ ਸਿੰਘ ਦੀ 1 ਏਕੜ ਅਤੇ ਕੁਝ ਹੋਰ ਕਿਸਾਨਾਂ ਦੇ ਝੋਨੇ ਦੀ ਫਸਲ ’ਚ ਰਜਵਾਹੇ ਅਤੇ ਬਰਸਾਤ ਦਾ ਪਾਣੀ ਪਿੱਛੋਂ ਰਜਵਾਹੇ ਵਿੱਚ ਤੇਜ਼ ਵਹਾਅ ਨਾਲ ਆਉਣ ਕਾਰਨ ਰਜਵਾਹੇ ’ਚ ਪਾੜ ਪੈਣ ਨਾਲ ਪਾਣੀ ਕਿਸਾਨਾਂ ਦੀਆਂ ਫਸਲਾਂ ’ਚ ਵੜ ਗਿਆ। ਇਸ ਕਾਰਨ ਫਸਲਾ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਬ੍ਰਾਂਚ ਤੋਂ ਨਿਕਲਦਾ ਇਹ ਰਜਵਾਹਾ ਪਿਛਲੇ ਲੰਮੇਂ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ। ਹਰ ਸਾਲ ਇਸ ਵਿੱਚ ਪਾੜ ਪੈ ਜਾਂਦੇ ਹਨ, ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਸਰਕਾਰ ਤੇ ਵਿਭਾਗਾਂ ਨੂੰ ਕਈ ਵਾਰੀ ਸੂਚਿਤ ਕਰਨ ਦੇ ਬਾਵਜੂਦ ਵੀ ਰਜਵਾਹੇ ਦੀ ਮਰੰਮਤ ਨਹੀਂ ਹੋਈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ ਤੇ ਨਵਾਂ ਰਜਵਾਹਾ ਬਣਵਾ ਕੇ ਅਜਿਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਏ। ਇਸ ਮੌਕੇ ਮਜ਼ਦੂਰ ਆਗੂ ਗੁਰਮੇਲ ਸਿੰਘ, ਭੋਲਾ ਸਿੰਘ, ਅਮਲਾ ਸਿੰਘ ਵਾਲਾ, ਮਹਿੰਦਰ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ (ਵਜੀਦਕੇ),ਕਰਮਜੀਤ ਕੌਰ, ਅੰਗਰੇਜ਼ ਕੌਰ, ਬਲਵੀਰ ਕੌਰ, ਮਨਜੀਤ ਕੌਰ ਵੀ ਹਾਜ਼ਰ ਸਨ। ਪਾੜ ਵਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਇਸ ਮੌਕੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮਾਲ ਵਿਭਾਗ ਵਜੀਦਕੇ ਦੇ ਕਾਨੂੰਗੋ ਨਵਦੀਪ ਸਿੰਘ ਤੇ ਪਟਵਾਰੀ ਧਰਮਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰਕੇ ਮਹਿਲ ਕਲਾਂ ਦੇ ਐੱਸਡੀਐੱਮ ਤੇ ਨਾਇਬ ਤਹਿਸੀਲਦਾਰ ਨੂੰ ਭੇਜੀ ਗਈ ਹੈ। ਇਸ ਮੌਕੇ ਨਹਿਰੀ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਰੜ ਮਾਈਨਰ ’ਚ ਪਾੜ ਵਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਕੱਲ੍ਹ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਜਵਾਹੇ ਦੀ ਮੁੜ ਤਾਮੀਰ ਲਈ ਪ੍ਰੋਜੈਕਟ ਤਿਆਰ ਕਰ ਕੇ ਸਰਕਾਰ ਨੂੰ ਭੇਜਿਆ ਗਿਆ ਅਤੇ ਅਗਲੇ ਸੀਜ਼ਨ ਤੱਕ ਕੰਕਰੀਟ ਰਜਵਾਹਾ ਤਿਆਰ ਕਰਨ ਦਾ ਕੰਮ ਸ਼ੁਰੂ ਹੋਵੇਗਾ।



