
ਬਰਨਾਲਾ, 15 ਫਰਵਰੀ-ਸ਼ਹਿਣਾ ਵਿਖੇ ਇੱਕ ਕਿਸਾਨ ਵੱਲੋਂ ਸਿਰ ਚੜ੍ਹੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਤੁਤੜਾ ਪੱਤੀ ਸ਼ਹਿਣਾ ਦੇ ਕੋਲ ਡੇਢ ਏਕੜ ਦੇ ਕਰੀਬ ਜ਼ਮੀਨ ਸੀ। ਜਿਸ ਦੇ ਸਿਰ ਕਾਫ਼ੀ ਜ਼ਿਆਦਾ ਕਰਜ਼ਾ ਸੀ। ਇਸ ਕਾਰਨ ਕਿਸਾਨ ਮਾਨਸਿਕ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਦੇ ਦੋ ਬੇਟੀਆਂ ਸਨ। ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਘਰ ’ਚ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਮਾਮਲੇ ਦੇ ਤਫ਼ਤੀਸੀ ਅਫ਼ਸਰ ਏਐੱਸਆਈ ਬਲੀ ਰਾਮ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਸਥਾਨਕ ਵਾਸੀਆਂ ਨੇ ਸਰਕਾਰ ਪਾਸੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਯੋਗ ਮੁਆਵਜੇ ਦੀ ਮੰਗ ਕੀਤੀ।



