Punjab

ਕਿਸਾਨੀ ਤੇ ਜ਼ਮੀਨ ਬਚਾਓ ਲਈ 30 ਨੂੰ ਟਰੈਕਟਰ ਮਾਰਚ ਦਾ ਐਲਾਨ

ਮੋਗਾ, 22 ਜੁਲਾਈ : ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਲੈਂਡ ਪੂਲਿੰਗ ਪਾਲਸੀ ਦੇ ਖ਼ਿਲਾਫ਼ ਕਿਸਾਨਾਂ ‘ਚ ਗਹਿਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 30 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ, ਜਿਸ ਰਾਹੀਂ ਕਿਸਾਨੀ ਅਤੇ ਜ਼ਮੀਨ ਬਚਾਉਣ ਦੀ ਅਵਾਜ਼ ਉੱਚੀ ਕੀਤੀ ਜਾਵੇਗੀ। ਇਸ ਸੰਬੰਧੀ ਮੋਗਾ ਵਿਖੇ ਲੱਖੋਵਾਲ ਜ਼ਿਲ੍ਹਾ ਦਫਤਰ ‘ਚ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਅਤੇ ਜ਼ਿਲ੍ਹਾ ਮੀਡੀਆ ਸੈਕਟਰੀ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸ ਤਾਨਾਸ਼ਾਹੀ ਫਰਮਾਨ ਹੈ। ਉਨ੍ਹਾਂ ਦੱਸਿਆ ਕਿ ਇਹ ਪਾਲਿਸ ਕੇਵਲ ਕਿਸਾਨ ਦੀ ਜ਼ਮੀਨ ਨਹੀਂ, ਬਲਕਿ ਪੂਰੇ ਪੰਜਾਬੀ ਸਮਾਜ ਮਜ਼ਦੂਰ, ਆੜ੍ਹਤੀਆ, ਛੋਟੇ ਕਾਰੋਬਾਰੀ ਅਤੇ ਹੋਰ ਆਮ ਲੋਕਾਂ ਦੀ ਰੋਜ਼ੀ,ਰੋਟੀ ਉੱਤੇ ਭਾਰੀ ਅਸਰ ਪਾਏਗੀ। ਉਨ੍ਹਾਂ ਕਿਹਾ ਕਿ ਇਹ ਪਾਲਿਸ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿਚ ਇਸ ਪਾਲਸੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਜੇ ਅੱਜ ਕਿਸਾਨ ਦੀ ਜ਼ਮੀਨ ਖੋਹੀ ਗਈ ਤਾਂ ਕੱਲ੍ਹ ਇਹ ਲਹਿਰ ਹਰ ਇਕ ਵਰਗ ਨੂੰ ਨੁਕਸਾਨ ਦੇਵੇਗੀ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਸੰਯੁਕਤ ਕਿਸਾਨ ਮੋਰਚੇ ਦੇ ਇਸ ਸੰਘਰਸ਼ ਨਾਲ ਜੁੜਨ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਕੇਵਲ ਕਿਸਾਨਾਂ ਦੀ ਲੜਾਈ ਨਹੀਂ, ਸਾਰੇ ਪੰਜਾਬ ਦੀ ਲੜਾਈ ਹੈ, ਇਸ ਮੌਕੇ ਹਰਨੇਕ ਸਿੰਘ ਫਤਿਹਗੜ੍ਹ ਐਗਜ਼ੈਕਟਿਵ ਮੈਂਬਰ, ਪੰਜਾਬ, ਮੰਦਰਜੀਤ ਸਿੰਘ ਮਨਾਵਾਂ ਸੂਬਾ ਆਗੂ, ਲਖਬੀਰ ਸਿੰਘ ਸੰਧੂਆਣਾ, ਗੁਰਮੇਲ ਸਿੰਘ ਡਰੋਲੀ, ਗੁਰਮੀਤ ਸਿੰਘ ਸੰਧੂਆਣਾ, ਜਸਵਿੰਦਰ ਸਿੰਘ ਸਰਾਵਾਂ, ਪ੍ਰਕਾਸ਼ ਸਿੰਘ ਦਫਤਰ ਇੰਚਾਰਜ, ਬਿੱਕਰ ਸਿੰਘ ਦਾਤਾ ਮੋਗਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button