
ਪਟਿਆਲਾ, 23 ਮਈ- “ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰੋਗੇ, ਸਾਰੀ ਦੁਨੀਆਂ ਦੇਖ ਰਹੀ ਹੈ, ਤੁਸੀਂ ਸੜਕਾਂ ਬੰਦ ਕਰੋਂਗੇ, ਮੇਰੇ ਤੋਂ ਕੋਈ ਅਕਲ ਦੀ ਦਵਾਈ ਲੈ ਵਲੋ।” ਇਹ ਗੱਲ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਕਿਸਾਨਾਂ ਵਲੋ ਉਹਨਾਂ ਦਾ ਘਿਰਾਓ ਕਰਕੇ ਨਾਅਰੇਬਾਜੀ ਕਰਨ ਦੌਰਾਨ ਕਹੀ। ਸਿਹਤ ਮੰਤਰੀ ਪਿੰਡ ਬਾਰਨ ਵਿਖੇ ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤੀ ਮੋਰਚਾ ਪ੍ਰੋਗਰਾਮ ਵਿਚ ਹਿੱਸਾ ਲੈਣ ਪੁੱਜੇ ਸਨ। ਇਸ ਦੌਰਾਨ ਮੰਤਰੀ ਪੰਡਾਲ ਵਿੱਚ ਇਕੱਤਰ ਲੋਕਾਂ ਨਾਲ ਗੱਲ ਕਰ ਰਹੇ ਸਨ। ਅਚਾਨਕ ਵੱਡੀ ਗਿਣਤੀ ਕਿਸਾਨ ਵੀ ਮੌਕੇ ਤੇ ਪੁੱਜ ਗਏ। ਕਿਸਾਨਾਂ ਵੱਲੋਂ ਪਹਿਲਾਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੰਤਰੀ ਨੇ ਗੱਲ ਕਰਨੀ ਚਾਹੀ ਤਾਂ ਕਿਸਾਨਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਿਸੇ ਗੱਲ ਨੂੰ ਲੈਕੇ ਸਿਹਤ ਮੰਤਰੀ ਭੜਕ ਗਏ। ਮੰਤਰੀ ਡਾ.ਬਲਬੀਰ ਸਿੰਘ ਨੇ ਮਾਈਕ ਫੜ ਕੇ ਅਕਲ ਦੀ ਦਵਾਈ ਲੈਣ ਤੇ ਸਿਆਣਿਆਂ ਨੂੰ ਬੈਠ ਕੇ ਗੱਲ ਕਰਨ ਦੀ ਸਲਾਹ ਦਿੱਤੀ। ਜਿਸਤੋਂ ਬਾਅਦ ਕਿਸਾਨਾਂ ਨੇ ਮੰਤਰੀ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਮੌਕੇ ਤੇ ਮੌਜੂਦ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ ਅਤੇ ਪ੍ਰੋਗਰਾਮ ਵਾਲੀ ਜਗ੍ਹਾ ਤੋਂ ਇਕ ਪਾਸੇ ਲੈ ਗਏ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਜਬਰ ਤੇ ਧੋਖਾ ਕੀਤਾ ਹੈ। ਕਿਸਾਨਾਂ ਆਗੂਆਂ ਨੂੰ ਜੇਲਾਂ ਵਿੱਚ ਰੱਖ ਕੇ ਤਸ਼ੱਦਦ ਢਾਇਆ ਗਿਆ ਤੇ ਸਮਾਣ ਵੀ ਖੁਰਦ ਬੁਰਦ ਕਰ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਅਜੇਹੇ ਵਤੀਰੇ ਕਰਕੇ ਸੂਬੇ ਵਿਚ ਭਾਰੀ ਰੋਸ ਹੈ ਤੇ ਸਰਕਾਰ ਦੇ ਨੁਮਾਇੰਦਿਆਂ ਦਾ ਘਿਰਾਓ ਹੁੰਦਾ ਰਹੇਗਾ।



