Punjab

ਕਿਸਾਨਾਂ ਨੂੰ ਅੱਠ ਘੰਟੇ ਬਿਜਲੀ: CM ਮਾਨ ਦੀ ਹੇਠੀ ਕਰਾਉਣ ‘ਤੇ ਤੁਲੇ ਹੋਏ ਨੇ ਪਾਵਰ ਕਾਰਪੋਰੇਸ਼ਨ ਦੇ ਅਫ਼ਸਰ 

ਤਰਨਤਾਰਨ, 1 ਜੂਨ 2025- ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਬਹੁਤ ਵਧਿਆ ਫ਼ੈਸਲਾ ਕੀਤਾ ਹੈ, ਪਰ ਪਾਵਰ ਕਾਰਪੋਰੇਸ਼ਨ ਦੇ ਹੇਠਲੇ ਕੁੱਝ ਅਫ਼ਸਰ ਅਤੇ ਕੁੱਝ ਕਰਮਚਾਰੀ ਆਪਣੀ ਲਾਪਰਵਾਹੀ ਜਾਂ ਨਾਲਾਇਕੀ ਕਰਕੇ ਮੁੱਖ ਮੰਤਰੀ ਅਤੇ ਸਰਕਾਰ ਦੇ ਹੇਠੀ ਕਰਾਉਣ ਤੇ ਤੁਲੇ ਹੋਏ ਨੇ। ਇਸ ਦੀ ਇੱਕ ਉੱਘੜਵੀਂ ਮਿਸਾਲ ਤਰਨ ਤਾਰਨ ਦੇ ਪੱਟੀ ਹਲਕੇ ਦੀ ਹੈ।  ਕਿਸਾਨਾਂ ਦੇ ਦੋਸ਼ ਮੁਤਾਬਿਕ, ਬਿਜਲੀ ਮਹਿਕਮੇ ਦੇ ਮੁਲਾਜ਼ਮ ਨਾ ਤਾਂ ਸਰਕਾਰ ਦੀ ਗੱਲ ਮੰਨਦੇ ਹਨ ਅਤੇ ਨਾ ਹੀ ਕਿਸੇ ਕਿਸਾਨ ਦੀ, ਕਿਉਂਕਿ ਕਿਸਾਨਾਂ ਦੇ ਖੇਤਾਂ ਵਿੱਚ ਲਮਕਦੀਆਂ ਤਾਰਾਂ, ਇਸ ਗੱਲ ਦਾ ਗਵਾਹ ਹਨ। ਕਈ ਕਈ ਦਿਨ ਜ਼ਮੀਨ ਤੇ ਵਿਛੀਆਂ ਇਹ ਤਾਰਾਂ ਕਾਰਨ 8 ਘੰਟੇ ਤਾਂ ਕੀ ਦੋ ਘੰਟੇ ਵੀ ਬਿਜਲੀ ਨਹੀਂ ਪਹੁੰਚਦੀ।

ਕਿਸਾਨਾਂ ਨੇ ਖੋਲੀ ਪਾਵਰਕਾਮ ਦੇ ਅਧਿਕਾਰੀਆਂ ਦੇ ਪੋਲ

ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦੇ ਖੇਤਾਂ ਵਿੱਚ 11 ਕੇ.ਵੀ ਜੋ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਉਂਦੀ ਹੈ ਉਹ ਤਾਰ ਢਿੱਲੀ ਹੋਣ ਕਾਰਨ ਕਈ ਕਈ ਦਿਨ ਕਿਸਾਨਾਂ ਦੇ ਖੇਤਾਂ ਵਿੱਚ ਲਮਕਦੀ ਰਹਿੰਦੀ ਹੈ। ਜਿਸ ਕਾਰਨ ਇਹ ਬਿਜਲੀ ਵਾਲੀ ਲਾਈਨ ਜ਼ਿਆਦਾਤਰ ਬੰਦ ਰਹਿੰਦੀ ਹੈ ਅਤੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਮਿਲਣ ਦੀ ਬਜਾਏ ਸਿਰਫ਼ ਇੱਕ ਦੋ ਘੰਟੇ ਹੀ ਆਉਂਦੀ ਹੈ।  ਕਿਸਾਨਾਂ ਦਾ ਦੋਸ਼ ਹੈ ਕਿ ਜੇ ਬਿਜਲੀ ਆਉਂਦੀ ਵੀ ਹੈ ਤਾਂ ਉਸ ਨਾਲ ਕਿਸਾਨਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਸਭਰਾਂ ਅਤੇ ਹੋਰ ਕਿਸਾਨ ਆਗੂਆਂ ਵੱਲੋਂ ਬਿਜਲੀ ਵਾਲੀ ਲਾਈਨ ਦੇ ਨਜ਼ਦੀਕ ਅਤੇ ਪਿੰਡ ਸਭਰਾ ਦੇ ਬਿਜਲੀ ਦੀ ਘਰ ਵਿੱਚ ਇਕੱਤਰ ਹੋ ਕੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਸਭਰਾ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਡੂਮਨੇ ਵਾਲਾ ਫੀਡਰ ਤੋਂ ਜੋ 11 ਕੇ.ਵੀ ਹੈ, ਉਸ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਇਹ ਤਾਰਾਂ ਕਿਸਾਨਾਂ ਦੇ ਖੇਤਾਂ ਵਿੱਚ ਹੀ ਵਿਛੀਆਂ ਹੋਈਆਂ ਹਨ ਅਤੇ ਇਸ ਨਾਲ ਕਿਸਾਨਾਂ ਦੀ ਜਾਨ ਤੇ ਵੀ ਵੱਡੇ ਪੱਧਰ ਤੇ ਖ਼ਤਰਾ ਬਣਿਆ ਹੋਇਆ ਹੈ।

ਬਿਜਲੀ ਮਹਿਕਮੇ ਦੀ ਲਾਪਰਵਾਹੀ ਦੇ ਕਾਰਨ ਇੱਕ ਕਿਸਾਨ ਦੀ ਹੋ ਚੁੱਕੀ ਹੈ ਮੌਤ

ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਹਨਾਂ ਤਾਰਾਂ ਦੇ ਨਾਲ ਲੱਗ ਕੇ ਕੁੱਝ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਬਿਜਲੀ ਮਹਿਕਮੇ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੇ ਸੀਜ਼ਨ ਚ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਜਿੱਥੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਚ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਕਰਦੀ ਹੈ ਤੇ ਜ਼ਮੀਨੀ ਪੱਧਰ ਇਸਦੀ ਹਕੀਕਤ ਕੁੱਝ ਹੋਰ ਹੈ। ਕਿਸਾਨਾਂ ਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਇਹਨਾਂ ਤਾਰਾਂ ਨੂੰ ਜਲਦੀ ਠੀਕ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ।

Related Articles

Leave a Reply

Your email address will not be published. Required fields are marked *

Back to top button