
ਕਿਸ਼ਨਗੜ੍ਹ, 15 ਸਤੰਬਰ : ਅੰਬੇਡਕਰ ਸੈਨਾ ਪੰਜਾਬ ਜਲੰਧਰ ਦੇ ਜਨਰਲ ਸਕੱਤਰ ਕੁਲਵਿੰਦਰ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸ਼ਨਗੜ੍ਹ ਚੌਕੀ ਇੰਚਾਰਜ ਬਲਵੀਰ ਬੁੱਟਰ ਗਰੀਬ ਤੇ ਮਜ਼ਦੂਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਤੇ ਲੋਕਾਂ ’ਤੇ ਝੂਠੇ ਪਰਚੇ ਦੇ ਰਿਹਾ ਹੈ। ਇਸ ਸਬੰਧੀ ਅੰਬੇਡਕਰ ਸੈਨਾ ਪੰਜਾਬ ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਜਾ ਰਹੇ ਸਨ ਕਿ ਉਨ੍ਹਾਂ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਕਾਰਨ ਸੋਮਵਾਰ 15 ਸਤੰਬਰ ਨੂੰ ਕਿਸ਼ਨਗੜ੍ਹ ਚੌਕੀ ਇੰਚਾਰਜ ਖਿਲਾਫ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਕਿਉਂਕਿ ਇਸ ਨੇ ਪਹਿਲਾਂ ਵੀ ਕਈ ਲੋਕਾਂ ’ਤੇ ਨਾਜਾਇਜ਼ ਝੂਠੇ ਪਰਚੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੇ ਚੌਕੀ ਇੰਚਾਰਜ ਨੂੰ ਨਹੀਂ ਬਦਲਿਆ ਹੈ। ਉਨ੍ਹਾਂ ਕਿਹਾ ਕਿ ਬੇਗੁਨਾਹ ਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਕਰ ਕੇ ਨਾਜਾਇਜ਼ ਤੇ ਝੂਠੇ ਪਰਚੇ ਦਰਜ ਕਰਨ ਵਾਲੇ ਚੌਕੀ ਇੰਚਾਰਜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਰੇ ਰਲ ਕੇ ਗਰੀਬ ਮਜ਼ਦੂਰਾ ਤੇ ਹੋ ਰਹੇ ਨਾਜਾਇਜ਼ ਪਰਚਿਆਂ ਨੂੰ ਠੱਲ੍ਹ ਪਾਉਣ ਲਈ ਤੇ ਚੌਕੀ ਇੰਚਾਰਜ ਨੂੰ ਬਦਲਣ ਲਈ ਵੱਡੀ ਗਿਣਤੀ ’ਚ ਇਕੱਠੇ ਹੋਈਏ, ਤਾਂ ਜੋ ਗਰੀਬ ਮਜ਼ਦੂਰਾਂ ’ਤੇ ਨਾਜਾਇਜ਼ ਝੂਠੇ ਪਰਚੇ ਦਰਜ ਕਰਨ ਵਾਲਾ ਚੌਕੀ ਇੰਚਾਰਜ ਬਦਲਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਵੱਲੋਂ ਕਿਸਾਨ ਮਜ਼ਦੂਰ ਜਥੇਬੰਦੀਆਂ, ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਅੰਬੇਡਕਰੀ ਸਭਾਵਾਂ ਨੂੰ ਵੀ ਇਸ ਧਰਨੇ ’ਚ ਪਹੁੰਚਣ ਦੀ ਅਪੀਲ ਕੀਤੀ ਹੈ।



