Punjab

ਕਿਰਸਾਨੀ ਲੁੱਟ ਖ਼ਿਲਾਫ਼ ਕੋਆਪਰੇਟਿਵ ਸੁਸਾਇਟੀਆਂ ’ਚ ਰੋਸ ਰੈਲੀਆਂ

ਰਾਏਕੋਟ, 13 ਅਗਸਤ : ਕੋਆਪਰੇਟਿਵ ਸੁਸਾਇਟੀ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਝੋਰੜਾਂ, ਅੱਚਰਵਾਰ ਤੇ ਫੇਰੂਰਾਈ ਵਿਖੇ ਰੈਲੀਆਂ ਕੀਤੀਆਂ ਗਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਨੇ ਕਿਹਾ ਕਿ ਕਿਸਾਨ ਜਦੋਂ ਕੋਆਪਰੇਟਿਵ ਸੁਸਾਇਟੀ ਵਿਚੋਂ ਖਾਦ ਲੈਂਦੇ ਹਨ ਤਾਂ ਕੋਆਪਰੇਟਿਵ ਸੁਸਾਇਟੀ ਵੱਲੋਂ ਜ਼ਬਰੀ ਖੇਤੀ ਨਾਲ ਸਬੰਧਤ ਹੋਰ ਸਮਾਨ ਦਿੱਤਾ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦੀ ਅੰਨੀ ਲੁੱਟ ਹੋ ਰਹੀ ਹੈ। ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ ਨੇ ਸੰਬੋਧਨ ਕਰਦਿਆ ਕਿਹਾ ਕਿ ਕੁੱਝ ਦਿਨ ਪਹਿਲਾਂ ਕਿਸਾਨਾਂ ਦਾ ਵਫ਼ਦ ਸਹਿਕਾਰਤਾ ਵਿਭਾਗ ਰਾਏਕੋਟ ਦੇ ਏਆਰ ਸਾਬਰ ਅਲੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਵੀ ਕਿਸਾਨਾਂ ਦੀ ਇਸ ਅੰਨੀ ਲੁੱਟ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ। ਜਿਸ ਦੇ ਚਲਦੇ ਕਿਰਤੀ ਕਿਸਾਨ ਯੂਨੀਅਨ ਵੱਲੋਂ 19 ਅਗਸਤ ਨੂੰ ਸਹਿਕਾਰਤਾ ਵਿਭਾਗ ਦਫ਼ਤਰ ਰਾਏਕੋਟ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਚਿਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਰੈਲੀਆਂ ਨੂੰ ਰਮਨਜੀਤ ਝੋਰੜਾਂ, ਸੁਖਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਜਗਰੂਪ ਸਿੰਘ, ਜਲੌਰ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ, ਸ਼ਿੰਦਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ, ਹਰਨੇਕ ਸਿੰਘ, ਰਾਜਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button