
ਬਰਨਾਲਾ, 21 ਜੂਨ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਕਾਰਨ ਕਾਲ ਸੈਂਟਰ ਰਾਹੀ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਗਿਰੋਹ ਦਾ ਮੁੱਖ ਸਰਗਨਾ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਪਾਸੋਂ ਕੀਮਤੀ ਮੋਬਾਈਲ ਫੋਨ, ਏਟੀਐੱਮ, ਸਿੰਮ, ਲੈਪਟਾਪ, ਸੀਪੀਯੂ ਸਮੇਤ ਨਕਦੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੀਪੀਐੱਸ ਕਪਤਾਨ ਪੁਲਿਸ ਡੀ, ਰਾਜੇਸ਼ ਛਿੱਬਰ ਪੀਪੀਐੱਸ ਕਪਤਾਨ ਪੁਲਿਸ ਐੱਚ ਤੇ ਜਤਿੰਦਰਪਾਲ ਸਿੰਘ ਪੀਪੀਐੱਸ ਉੱਪ ਕਪਤਾਨ ਪੁਲਿਸ ਸਾਈਬਰ ਕ੍ਰਾਈਮ ਬਰਨਾਲਾ ਵੱਲੋਂ ਕਾਰਵਾਈ ਕਰਦੇ ਹੋਏ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਜਾਅਲੀ ਫਰਮਾਂ ਬਣਾ ਕਰਜ਼ਾ ਦਿਵਾਉਣ ਦੇ ਨਾਮ ’ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਿਖੇ ਲੋਨ ਕਰਵਾਉਣ ਦੇ ਨਾਮ ’ਤੇ ਠੱਗੀ ਮਾਰਨ ਸਬੰਧੀ ਆਨਲਾਇਨ ਪੋਰਟਲ 1930 ’ਤੇ ਦਰਖ਼ਾਸਤ ਪ੍ਰਾਪਤ ਹੋਈ ਸੀ। ਇਸ ਤਹਿਤ ਮੁਕੱਦਮਾ ਨੰਬਰ 7 ਮਿਤੀ 9 ਜੂਨ 2025 ਨੂੰ ਅ/ਧ 318 (4) ਬੀਐੱਨਐੱਸ, 66-ਡੀਆਈਟੀ ਐਕਟ ਤਹਿਤ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਿਖੇ ਦਰਜ ਕੀਤਾ ਗਿਆ ਸੀ। ਮੁਕੱਦਮੇ ਦੀ ਪੈਰਵਾਈ ਕਰਦਿਆਂ 10 ਜੂਨ 2025 ਨੂੰ ਕਾਲ ਸੈਂਟਰ ਢਕੋਲੀ, ਜ਼ੀਰਕਪੁਰ ਵਿਖੇ ਰੇਡ ਕੀਤੀ ਗਈ, ਜਿੱਥੇ ਛੇ ਮੁਲਜ਼ਮਾਂ ਪਵਨ ਕੁਮਾਰ ਵਾਸੀ ਨੇੜੇ ਮਸਜ਼ਿਦ ਮੁਬਾਰਕਪੁਰ ਐੱਸਏਐੱਸ ਨਗਰ, ਭਵਨ ਮੇਵਾੜਾ ਵਾਸੀ ਸੈਕਟਰ 3 ਐੱਫ਼ ਵੈਸਾਲੀ, ਗਾਜੀਆਬਾਦ ਉੱਤਰ ਪ੍ਰਦੇਸ਼ ਹਾਲ ਨਿਊ ਸਦਾ ਮੋਚਿਓ ਦੀ ਗਲੀ, ਜ਼ੋਧਪੁਰ ਰਾਜਸਥਾਨ, ਅੰਬਿਕਾ ਵਾਸੀ ਦਿਆਰਮੋਲੀ ਤਹਿਸੀਲ ਰੋੜੂ ਜ਼ਿਲ੍ਹਾ ਸ਼ਿਮਲਾ ਹਿਮਾਚਲ ਪ੍ਰਦੇਸ਼, ਜੀ ਚੀਨਾ ਰੈਡੀ ਵਾਸੀ ਮਾਲੇਪਡੂ ਕਡਪਾ ਆਂਧਰਾ ਪ੍ਰਦੇਸ਼, ਜਾਦਾ ਵੀਰਾ ਸ਼ਿਵ ਭਾਗਿਆਰਾਜ ਵਾਸੀ 4-37, ਪੇਡਾ ਵੇਧੀ, ਕਾਜੁਲੁਰੂ ਮੰਡਲ ਗੋਲਾਪਾਲੇਮ, ਕਾਕੀਨਾਡਾ ਆਂਧਰਾ ਪ੍ਰਦੇਸ਼, ਕੋਨਾ ਚਿਰੰਜੀਵੀ ਵਾਸੀ ਡੀ ਨੰਬਰ 144, ਯੋਨੋਆਡਾ, ਵਾਰੰਗਾਰੀ ਕਾਲੋਨੀ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਨੂੰ ਕਾਬੂ ਕੀਤਾ ਗਿਆ। ਜਦਕਿ ਮੁੱਖ ਸਰਗਨਾ ਅਮਿਤ ਕੁਮਾਰ ਵਾਸੀ ਜ਼ੀਰਕਪੁਰ ਅਜੇ ਫ਼ਰਾਰ ਚੱਲ ਰਿਹਾ ਹੈ। ਇਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਪਾਸੋਂ 67 ਮੋਬਾਈਲ, 18 ਏਟੀਐੱਮ, 17 ਸਿੰਮ, 1 ਲੈਪਟਾਪ, 1 ਸੀਪੀਯੂ ਸਮੇਤ 55 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਕਾਬੂ ਕੀਤੇ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਖੁਲਾਸੇ ਕਰਵਾਏ ਜਾਣਗੇ। ਗਿਰੋਹ ਕਾਲ ਸੈਂਟਰ ਰਾਹੀਂ ਸਾਲ 2023 ਤੋਂ ਮਾਰ ਰਿਹਾ ਠੱਗੀਆਂ : ਐੱਸਐੱਸਪੀ ਐੱਸਐੱਸਪੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਗਿਰੋਹ ਕਾਲ ਸੈਂਟਰ ਰਾਹੀ ਸਾਲ-2023 ਤੋਂ ਲੈ ਕੇ ਹੁਣ ਤੱਕ ਲੋਕਾਂ ਨਾਲ ਠੱਗੀਆਂ ਮਾਰਦਾ ਆ ਰਿਹਾ ਹੈ। ਉਕਤ ਗਿਰੋਹ ਖ਼ਿਲਾਫ਼ 60 ਤੋਂ ਜ਼ਿਆਦਾ ਦਰਖਾਸਤਾਂ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਗੋਆ, ਕਰਨਾਟਕਾ ਆਦਿ ਸਟੇਟਾਂ ’ਚ ਦਰਜ ਹਨ। ਗਿਰੋਹ ਵੱਲੋਂ ਹਰ ਮਹੀਨੇ ਕਰੀਬ 1 ਕਰੋੜ ਰੁਪਏ ਦਾ ਕੇਸ ਵੱਖ-ਵੱਖ ਬੈਂਕ ਖਾਤਿਆਂ ਰਾਹੀ ਕਢਵਾਇਆ ਜਾਂਦਾ ਸੀ। ਹੁਣ ਤੱਕ ਇਸ ਗਿਰੋਹ ਵੱਲੋਂ ਕਰੀਬ 20-22 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਮੁੱਖ ਸਰਗਨਾ ਲਗਜ਼ਰੀ ਜ਼ਿੰਦਗੀ ਜਿਉਂਦਾ ਹੈ, ਉਸ ਕੋਲ ਪਾਸ਼ ਇਲਾਕੇ ’ਚ 2 ਫਲੈਟ, 1 ਜਿੰਮ ਤੇ ਲਗਜਰੀ ਗੱਡੀਆਂ ਹੋਣ ਸਬੰਧੀ ਵੀ ਪਤਾ ਲੱਗਿਆ ਹੈ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ’ਚ ਹੋਰ ਵਿਅਕਤੀਆਂ ਦੀਆਂ ਸ਼ਮੂਲੀਅਤ, ਬਰਾਮਦ ਏਟੀਐੱਮ, ਮੋਬਾਈਲ ਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਗਿਰੋਹ ਸਬੰਧੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਅਮਿਤ ਕੁਮਾਰ ਤੇ ਭਵਨ ਮੇਵਾੜਾ ਖ਼ਿਲਾਫ਼ ਜ਼ੀਰਕਪੁਰ ਵਿਖੇ ਆਂਧਰਾ ਪ੍ਰਦੇਸ਼ ਸਟੇਟ ’ਚ ਪਹਿਲਾਂ ਵੀ ਮਾਮਲੇ ਦਰਜ ਹਨ।



