
ਤਰਨਤਾਰਨ, 12 ਮਈ- ਤਰਨਤਾਰਨ ਦੇ ਪਿੰਡ ਭੂਰਾ ਕੋਹਨਾ ਵਾਸੀ ਕਾਰੋਬਾਰੀ ਕੋਲੋਂ ਪ੍ਰਭ ਦਾਸੂਵਾਲ ਵੱਲੋਂ 40 ਲੱਖ ਦੀ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਫਿਰੌਤੀ ਨਾ ਦੇਣ ਦੀ ਸੂਰਤ ’ਚ ਉਕਤ ਵਿਅਕਤੀ ’ਤੇ ਉਸ ਵੇਲੇ ਫਾਇਰਿੰਗ ਕਰ ਦਿੱਤੀ ਗਈ, ਜਦੋਂ ਉਹ ਆਪਣੇ ਪੈਟਰੋਲ ਪੰਪ ’ਤੇ ਬੈਠਾ ਸੀ। ਥਾਣਾ ਖੇਮਕਰਨ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਪ੍ਰਭ ਦਾਸੂਵਾਲ ਅਤੇ ਦੋ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਕਤ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 14 ਅਤੇ 15 ਮਾਰਚ ਨੂੰ ਉਸਦੇ ਮੋਬਾਈਲ ’ਤੇ ਵਿਦੋਸ਼ੀ ਨੰਬਰ ਤੋਂ ਫੋਨ ਕਰਕੇ ਪ੍ਰਭ ਦਾਸੂਵਾਲ ਵੱਲੋਂ 40 ਲੱਖ ਦੀ ਫਿਰੌਤੀ ਮੰਗੀ ਗਈ ਸੀ। ਐਤਵਾਰ ਸ਼ਾਮ ਉਹ ਆਪਣੇ ਪੈਟਰੋਲ ਪੰਪ ’ਤੇ ਬੈਠਾ ਸੀ ਕਿ ਮੋਟਰਸਾਈਕਲ ’ਤੇ ਦੋ ਨਕਾਬਪੋਸ਼ ਆਏ ਜਿਨ੍ਹਾਂ ’ਚੋਂ ਪਿੱਛੇ ਬੈਠੇ ਨੌਜਵਾਨ ਨੇ ਉਸ ਉੱਪਰ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਫਾਇਰਿੰਗ ਦੇ ਬਾਅਦ ਮੁੜ ਪ੍ਰਭ ਦਾਸੂਵਾਲ ਦਾ ਫੋਨ ਆਇਆ ਤੇ ਉਸਨੇ ਕਿਹਾ ਕਿ ਜੇਕਰ ਹੁਣ ਫਿਰੌਤੀ ਨਾ ਦਿੱਤੀ ਤਾਂ ਜਾਨੀ ਨੁਕਸਾਨ ਕੀਤਾ ਜਾਵੇਗਾ। ਦੂਜੇ ਪਾਸੇ ਪੁਲਿਸ ਨੇ ਉਕਤ ਘਟਨਾ ਸਬੰਧੀ ਦਰਜ ਕੀਤੇ ਕੇਸ ਵਿਚ ਪ੍ਰਭਜੀਤ ਸਿੰਘ ਪ੍ਰਭ ਵਾਸੀ ਦਾਸੂਵਾਲ ਨੂੰ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਹਰਦਿਆਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



