Punjab

ਕਾਮਯਾਬ ਨਹੀਂ ਹੋਣਗੇ ਧਰਮ ਦੇ ਨਾਂ ‘ਤੇ ਨਫ਼ਰਤ ਫੈਲਾ ਕੇ ਆਪਣੀ ਸਿਆਸਤ ਚਮਕਾਉਣ ਵਾਲੇ ਲੋਕ : ਸ਼ਾਹੀ ਇਮਾਮ

ਲੁਧਿਆਣਾ, 7 ਜੂਨ :  ਸ਼ਨੀਵਾਰ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਅਦਾ ਕਰਵਾਈ। ਜਾਮਾ ਮਸਜਿਦ ‘ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ। ਸਮਾਗਮ ਨੂੰ ਸੰਬੋਧਨ ਕਰਦੀਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲ੍ਹਾਹ ਤਾਆਲਾ ਦੇ ਨਬੀ ਹਜ਼ਰਤ ਇਬ੍ਰਾਹੀਮ ਅਲੇਹਿਸੱਲਾਮ ਦੀ ਯਾਦ ‘ਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਰੱਬ ਦੀ ਰਜਾ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਦੇਰ ਨਹੀਂ ਲਾਈ। ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜਬਾ ਰੱਖੀਏ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੇਸ਼ ‘ਚ ਫਿਰਕੂ ਤਾਕਤਾਂ ਧਰਮ ਦੇ ਨਾਮ ‘ਤੇ ਲੋਕਾਂ ‘ਚ ਪਾੜ ਪਾਉਣ ‘ਚ ਲੱਗੀਆਂ ਹੋਈਆਂ ਹਨ, ਇਸ ਲਈ ਸਮੂਹ ਭਾਰਤੀਆਂ ਨੂੰ ਅਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਸਾਰੀਆਂ ਨੂੰ ਇਨ੍ਹਾਂ ਫਿਰਕਾਪ੍ਰਸਤਾਂ ਨੂੰ ਨਾਕਾਮ ਕਰਨ ਲਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਆਪਾਂ ਪਿੱਛੇ ਨਹੀਂ ਹਟਾਗੇਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਵਾਇਤਾਂ ‘ਚ ਨਫਰਤ ਲਈ ਕੋਈ ਥਾਂ ਨਹੀਂ ਹੈ, ਜਿਹੜੇ ਵੀ ਲੋਕ ਪੰਜਾਬ ‘ਚ ਧਰਮ ਦੇ ਨਾਮ ‘ਤੇ ਨਫਰਤ ਫੈਲਾ ਕੇ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸ਼ਾਹੀ ਇਮਾਮ ਪੰਜਾਬ ਨੇ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਪ੍ਰਸ਼ਾਸ਼ਨ ਦਾ ਧੰਨਵਾਦ ਵੀ ਕੀਤਾ।

Related Articles

Leave a Reply

Your email address will not be published. Required fields are marked *

Back to top button