ਕਾਨੂੰਨ ਤੋੜੇ ਤਾਂ ਹਮੇਸ਼ਾ ਲਈ ਰੱਦ ਹੈ ਸਕਦੈ ਵੀਜ਼ਾ, ਅਮਰੀਕੀ ਦੂਤਾਘਰ ਨੇ ਐਡਵਾਈਜ਼ਰੀ ਜਾਰੀ ਕਰ ਕੇ ਮੁੜ ਦਿੱਤੀ ਚਿਤਾਵਨੀ

ਨਵੀਂ ਦਿੱਲੀ, 27 ਜੁਲਾਈ : ਕਾਨੂੰਨ ਤੋੜਨ ’ਤੇ ਅਮਰੀਕੀ ਵੀਜ਼ਾ ਹਮੇਸ਼ਾ ਲਈ ਰੱਦ ਕੀਤਾ ਜਾ ਸਕਦਾ ਹੈ। ਭਾਰਤ ਸਥਿਤ ਅਮਰੀਕੀ ਦੂਤਘਰ ਨੇ ਸ਼ਨਿਚਰਵਾਰ ਨੂੰ ਸਖਤ ਐਡਵਾਈਜ਼ਰੀ ਜਾਰੀ ਕਰ ਦੇ ਹੋਏ ਮੁੜ ਚਿਤਾਵਨੀ ਦਿੱਤੀ ਕਿ ਅਮਰੀਕਾ ਜਾ ਕੇ ਅਪਰਾਧ ਕਰਨ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਦੇਸ਼ੀਆਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਅਮਰੀਕੀ ਦੂਤਘਰ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕੀਤੀ ਸੀ। ਦੂਤਘਰ ਨੇ ਐਕਸ ’ਤੇ ਪੋਸਟ ਕੀਤੀ, ‘ਅਮਰੀਕਾ ਵਿਚ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਤੁਸੀਂ ਅਮਰੀਕਾ ਆ ਕੇ ਕਾਨੂੰਨ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਡਾ ਅਮਰੀਕੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਤੁਸੀਂ ਅਮਰੀਕਾ ਵਾਪਸ ਜਾਣ ਲਈ ਜੀਵਨ ਭਰ ਲਈ ਅਯੋਗ ਹੋ ਸਕਦੇ ਹੋ।” ਇਸ ਤੋਂ ਪਹਿਲਾਂ 22 ਜੁਲਾਈ ਨੂੰ ਦੂਤਘਰ ਨੇ ਪੋਸਟ ਕੀਤਾ ਸੀ ਕਿ ਜੇ ਤੁਹਾਨੂੰ ਅਮਰੀਕਾ ’ਚ ਰਹਿੰਦੇ ਹੋਏ ਹਮਲੇ, ਘਰੇਲੂ ਹਿੰਸਾ ਜਾਂ ਹੋਰ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਤੁਹਾਡਾ ਅਮਰੀਕੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੇ ਤੁਸੀਂ ਭਵਿੱਖ ਵਿਚ ਅਮਰੀਕੀ ਵੀਜ਼ੇ ਲਈ ਅਯੋਗ ਹੋ ਸਕਦੇ ਹੋ। ਵੀਜ਼ਾ ਇਕ ਵਿਸ਼ੇਸ਼ ਅਧਿਕਾਰ ਹੈ, ਹੱਕ ਨਹੀਂ। ਇਸ ਤੋਂ ਪਹਿਲਾਂ 16 ਜੁਲਾਈ ਨੂੰ ਦੂਤਘਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਜੇ ਵੀਜ਼ਾ ਧਾਰਕ ਅਮਰੀਕਾ ਜਾ ਕੇ ਹਮਲਾ, ਚੋਰੀ ਜਾਂ ਸੰਨ੍ਹਮਾਰੀ ਕਰਦੇ ਹਨ ਤਾਂ ਉਹ ਨਾ ਸਿਰਫ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਗੇ, ਸਗੋਂ ਉਨ੍ਹਾਂ ਦਾ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਭਵਿੱਖ ਵਿਚ ਅਮਰੀਕੀ ਵੀਜ਼ਾ ਲਈ “ਅਯੋਗ” ਵੀ ਕਰਾਰ ਦਿੱਤਾ ਜਾ ਸਕਦਾ ਹੈ, ਜਿਸਦਾ ਮਤਲਬ ਹੈ ਕਿ ਇਨ੍ਹਾਂ ਦੋਸ਼ਾਂ ਵਾਲੇ ਵਿਅਕਤੀਆਂ ਨੂੰ ਅਮਰੀਕਾ ਵਿਚ ਦੁਬਾਰਾ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਦੂਤਘਰ ਨੇ ਇਹ ਵੀ ਕਿਹਾ ਕਿ ਅਮਰੀਕਾ ਵਿਦੇਸ਼ਾਂ ਤੋਂ ਆਉਣ ਵਾਲਿਆਂ ਤੋਂ ਉਮੀਦ ਕਰਦਾ ਹੈ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਦੀ ਪਾਲਣਾ ਕਰਨਗੇ। ਇਸ ਦੌਰਾਨ 17 ਜੁਲਾਈ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਣਧੀਰ ਜਾਇਸਵਾਲ ਨੇ ਕਿਹਾ ਸੀ, “ਜਿਸ ਦੇਸ਼ ਵਿਚ ਵਿਅਕਤੀ ਰਹਿੰਦਾ ਹੈ, ਭਾਵੇਂ ਉਹ ਉਸ ਦੇਸ਼ ਦਾ ਨਾਗਰਿਕ ਹੋਵੇ ਜਾਂ ਨਹੀਂ, ਉਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਉਸ ਦੀ ਜ਼ਿੰਮੇਵਾਰੀ ਹੈ।



