Punjab

ਕਾਤਲਾਂ ਨੂੰ ਫੜਨ ਲਈ ਪੁਲਿਸ ਨੇ 25 ਥਾਵਾਂ ’ਤੇ ਕੀਤੀ ਛਾਪੇਮਾਰੀ

ਜਲੰਧਰ, 18 ਜੂਨ : ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਸੁੱਚੀ ਪਿੰਡ ’ਚ ਮਨਦੀਪ ਕਤਲ ਕੇਸ ’ਚ ਮੁੱਖ ਮੁਲਜ਼ਮ ਪ੍ਰਿੰਸ ਤੇ ਸੱਤ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੰਗਲਵਾਰ ਨੂੰ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੇ 25 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਪਰ ਮੁਲਜ਼ਮ ਆਪਣੇ ਘਰਾਂ ਤੋਂ ਫ਼ਰਾਰ ਪਾਏ ਗਏ। ਜਦੋਂ ਪੁਲਿਸ ਨੇ ਅਪਰਾਧ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਕਾਲੇ ਰੰਗ ਦੀ ਸਕਾਰਪੀਓ ’ਚ ਆਏ ਸਨ। ਮੁਲਜ਼ਮਾਂ ਨੇ 16 ਮਿੰਟਾਂ ਦੇ ਅੰਦਰ-ਅੰਦਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਤੋਂ ਪਹਿਲਾਂ ਕਾਰ ਤੋਂ ਹੇਠਾਂ ਉਤਰਨ ਵਾਲੇ ਨੌਜਵਾਨਾਂ ਨੂੰ ਕਿਸੇ ਨਾਲ ਮੋਬਾਈਲ ਫੋਨ ’ਤੇ ਗੱਲ ਕਰਦੇ ਦੇਖਿਆ ਗਿਆ ਤੇ ਬਾਅਦ ’ਚ ਉਹ ਢਾਬੇ ਤੇ ਮਨਦੀਪ ਦੀ ਦੁਕਾਨ ਵੱਲ ਚਲੇ ਗਏ, ਜਿੱਥੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਤੋਂ ਬਾਅਦ, ਜਿਸ ਕਾਰ ’ਚ ਮੁਲਜ਼ਮ ਭੱਜ ਰਹੇ ਸਨ, ਉਸ ਦਾ ਨੰਬਰ ਪੀਬੀ-08-ਏਐੱਨ-4686 ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਿਆ, ਜੋ ਕਿ ਪੁਲਿਸ ਨੂੰ ਮਿਲਿਆ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਹਾਈਵੇ ਤੋਂ ਲੰਮਾ ਪਿੰਡ ਚੌਕ ਰਾਹੀਂ ਕਿਸੇ ਹੋਰ ਸ਼ਹਿਰ ਲਈ ਰਵਾਨਾ ਹੋ ਗਏ। ਪੁਲਿਸ ਨੇ ਮੰਗਲਵਾਰ ਦੁਪਹਿਰ ਨੂੰ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਨਦੀਪ ਦੀ ਮੌਤ ਦਿਲ ਦੇ ਨੇੜੇ ਛਾਤੀ ’ਚ ਚਾਕੂ ਨਾਲ ਵਾਰ ਕਰਨ ਤੇ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਬਾਰੇ ਹੋਰ ਸੁਰਾਗ ਲੱਭਣ ਲਈ ਵਾਰਦਾਤ ਵਾਲੀ ਥਾਂ ਦਾ ਕਾਲ ਡੰਪ ਇਕੱਠਾ ਕਰ ਲਿਆ ਹੈ। ਪੁਲਿਸ ਨੇ ਦੇਰ ਸ਼ਾਮ ਹਰਦਿਆਲ ਨਗਰ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਏਡੀਸੀਪੀ ਸਿਟੀ ਵਨ ਆਕਰਸ਼ੀ ਜੈਨ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ’ਚ ਲੱਗੀਆਂ ਹੋਈਆਂ ਹਨ। ਮੁਲਜ਼ਮ ਆਪਣੇ ਘਰਾਂ ਤੋਂ ਫ਼ਰਾਰ ਹਨ ਤੇ ਉਹ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ। ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਲਗਭਗ 10.30 ਵਜੇ ਸੁੱਚੀ ਪਿੰਡ ’ਚ ਰੰਜਿਸ਼ ਕਾਰਨ ਪ੍ਰਿੰਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਿੰਨ ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਸੁੱਚੀ ਪਿੰਡ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਭਰਾ ਮੁਕੇਸ਼ ਕੁਮਾਰ ਤੇ ਪਵਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਕੈਪੀਟਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਜ਼ਖਮੀਆਂ ਦੇ ਬਿਆਨਾਂ ’ਤੇ ਬਦਮਾਸ਼ਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਹੀ ਹੋਵੇਗਾ ਮਨਦੀਪ ਦਾ ਸਸਕਾਰ : ਪਰਿਵਾਰ ਪੁਲਿਸ ਨੇ ਮੰਗਲਵਾਰ ਦੁਪਹਿਰ ਨੂੰ ਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਪਰ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲੈਣਗੇ। ਪ੍ਰਿੰਸ ਵਿਰੁੱਧ ਪਹਿਲਾਂ ਵੀ ਦਰਜ ਹਨ ਮਾਮਲੇ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪ੍ਰਿੰਸ ਵਿਰੁੱਧ ਪਹਿਲਾਂ ਵੀ ਦੋ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ’ਚ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪ੍ਰਿੰਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕੁਝ ਮਹੀਨੇ ਪਹਿਲਾਂ ਸੰਤੋਖਪੁਰਾ ’ਚ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਹਮਲੇ ਦੌਰਾਨ ਨੌਜਵਾਨ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਉਸਦੇ ਪਰਿਵਾਰ ਨੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ ਤੇ ਉਸ ਮਾਮਲੇ ’ਚ ਪੁਲਿਸ ਨੇ ਪ੍ਰਿੰਸ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਕੁਝ ਸਮਾਂ ਪਹਿਲਾਂ ਪ੍ਰਿੰਸ ਨੂੰ ਡਰੱਗ ਮਾਮਲੇ ’ਚ ਵੀ ਗ੍ਰਿਫ਼ਤਾਰ ਕੀਤਾ ਸੀ। ਜੇਲ੍ਹ ’ਚ ਰਹਿੰਦਿਆਂ ਉਹ ਕਈ ਮੁਲਜ਼ਮਾਂ ਨੂੰ ਮਿਲਿਆ, ਜਿਸ ਕਾਰਨ ਉਸ ਦੀ ਹਿੰਮਤ ਵਧ ਗਈ ਤੇ ਮੰਗਲਵਾਰ ਨੂੰ ਉਸ ਨੇ ਮਨਦੀਪ ’ਤੇ ਹਮਲਾ ਕਰ ਕੇ ਉਸਦੀ ਹੱਤਿਆ ਕਰ ਦਿੱਤੀ।

Related Articles

Leave a Reply

Your email address will not be published. Required fields are marked *

Back to top button