Punjab

ਕਾਂਗਰਸ ਦੇ ਇਕ ਹੋਰ ਸਾਬਕਾ ਮੰਤਰੀ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਸੋਲਰ ਲਾਈਟ ਲਗਾਉਣ ’ਚ ਕੀਤਾ ਗਿਆ ਸੀ ਘੁਟਾਲਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 19 ਅਗਸਤ : ਆਮ ਆਦਮੀ ਪਾਰਟੀ ਦੀ ਸਰਕਾਰ ਇਕ ਸਾਬਕਾ ਕਾਂਗਰਸ ਮੰਤਰੀ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਇਹ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਵਿਚ ਸੋਲਰ ਲਾਈਟ ਲਗਾਉਣ ਨਾਲ ਸਬੰਧਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧ ਵਿਚ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੇ 23 ਪਿੰਡਾਂ ਵਿਚ ਇਸ ਦੀ ਜਾਂਚ ਕੀਤੀ। ਜਾਂਚ ਦੌਰਾਨ ਕਈ ਖਾਮੀਆਂ ਸਾਹਮਣੇ ਆਈਆਂ ਹਨ। 23 ਪਿੰਡਾਂ ਵਿਚ ਲਗਾਈਆਂ ਗਈਆਂ ਸੋਲਰ ਲਾਈਟਾਂ ਦੀ ਜਾਂਚ ਵਿਚ 24.52 ਲੱਖ ਰੁਪਏ ਦੇ ਘੁਟਾਲੇ ਦੀ ਗੱਲ ਸਾਹਮਣੇ ਆਈ ਹੈ, ਜਦਕਿ ਹਾਲੇ 44 ਪਿੰਡਾਂ ਦੀ ਜਾਂਚ ਹੋਣੀ ਬਾਕੀ ਹੈ। ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸੌਂਦ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਦਾ ਖ਼ੁਲਾਸਾ ਕਰਨਗੇ। ਜਾਣਕਾਰੀ ਅਨੁਸਾਰ ਵਿਭਾਗੀ ਜਾਂਚ ਵਿਚ ਬਹੁਤ ਹੀ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ ਜਿਸ ਅਨੁਸਾਰ ਸੋਲਰ ਲਾਈਟ ਲਈ ਲਗਾਏ ਗਏ ਖੰਭੇ ਦੀ ਲੰਬਾਈ ਨੂੰ ਘਟਾ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਖੰਭੇ ਲਗਾਉਣ ਲਈ ਜਿੰਨਾ ਬੇਸ ਬਣਾਇਆ ਜਾਣਾ ਸੀ, ਉਹ ਨਹੀਂ ਬਣਾਇਆ ਗਿਆ ਅਤੇ ਉੱਪਰੋਂ ਇਕ ਫੁੱਟ ਲੰਬਾਈ ਘਟਾ ਦਿੱਤੀ ਗਈ। ਜੇ ਖੰਭੇ ਦੀ ਲੰਬਾਈ 11 ਫੁੱਟ ਰੱਖਣੀ ਸੀ ਤਾਂ ਉਸ ਨੂੰ 10 ਫੁੱਟ ਹੀ ਰੱਖਿਆ ਗਿਆ ਹੈ। ਵਿਭਾਗੀ ਸੂਤਰਾਂ ਅਨੁਸਾਰ ਸੋਲਰ ਲਾਈਟ ਦੀ ਬੈਟਰੀ ਵਿਚ ਵੀ ਵੱਡਾ ਖੇਲ ਹੋਇਆ ਹੈ, ਪਰ ਇਸ ਮਾਮਲੇ ਵਿਚ ਵਿਭਾਗ ਦੇ ਹੱਥ ਖਾਲੀ ਹਨ ਕਿਉਂਕਿ ਜੋ ਸੋਲਰ ਲਾਈਟਾਂ ਲਗਾਈਆਂ ਗਈਆਂ ਸਨ, ਉਨ੍ਹਾਂ ਦੀਆਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ। ਵਿਭਾਗ ਦੀ ਹੁਣ ਤੱਕ ਦੀ ਜਾਂਚ ਵਿਚ ਕੋਈ ਵੀ ਪੁਰਾਣੀ ਬੈਟਰੀ ਨਹੀਂ ਮਿਲੀ ਹੈ। ਜਾਣਕਾਰੀ ਅਨੁਸਾਰ ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸੌਂਦ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਦੇ ਸਕਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਲਰ ਲਾਈਟ ਲਗਾਉਣ ਦਾ ਠੇਕਾ ਜਿਸ ਨੂੰ ਦਿੱਤਾ ਗਿਆ ਸੀ, ਉਹ ਸਾਬਕਾ ਮੰਤਰੀ ਦੇ ਨੇੜੇ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਪੰਜ ਮੰਤਰੀਆਂ ’ਤੇ ਵਿਜੀਲੈਂਸ ਮਾਮਲਾ ਦਰਜ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਚਾਰ ਕਾਂਗਰਸ ਦੇ ਕਾਰਜਕਾਲ ਵਿਚ ਮੰਤਰੀ ਰਹੇ ਹਨ, ਜਦਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਹਾਲੇ ਵੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਾਭਾ ਜੇਲ੍ਹ ਵਿਚ ਬੰਦ ਹਨ। ਵਿਜੀਲੈਂਸ ਹੁਣ ਤੱਕ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਓਪੀ ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ। ਹਾਲਾਂਕਿ ਆਸ਼ੂ ਅਤੇ ਅਰੋੜਾ ਦਾ ਕੇਸ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਜੀਲੈਂਸ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ, ਕੁਸ਼ਲਦੀਪ ਢਿੱਲੋਂ ’ਤੇ ਵੀ ਕਾਰਵਾਈ ਕਰ ਚੁੱਕੀ ਹੈ।

Related Articles

Leave a Reply

Your email address will not be published. Required fields are marked *

Back to top button