ਕਲਯੁਗੀ ਪਿਉ ਨੇ ਦੂਜਾ ਵਿਆਹ ਕਰਵਾਉਣ ਲਈ ਤਿੱਗਣੀ ਉਮਰ ਦੇ ਬੰਦੇ ਨਾਲ ਤੋਰ ’ਤੀ ਧੀ
ਪਤੀ ਦੇ ਜ਼ੁਲਮਾਂ ਤੋਂ ਤੰਗ ਲੜਕੀ ਨੇ ਹੱਡਬੀਤੀ ਪੰਚਾਇਤ ਨੂੰ ਸੁਣਾਈ

ਹੁਸ਼ਿਆਰਪੁਰ, 13 ਜੁਲਾਈ : ਕਲਯੁੱਗੀ ਪਿਉ ਨੇ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਲਈ ਆਪਣੀ ਨਾਬਾਲਿਗ ਧੀ ਨੂੰ ਬਿਨਾਂ ਵਿਆਹ ਦੇ ਧੀ ਤੋਂ ਤਿੱਗਣੀ ਉਮਰ ਦੇ ਵਿਅਕਤੀ ਨਾਲ ਤੋਰ ਦਿੱਤਾ। ਨਾਬਾਲਿਗਾ ਨੂੰ ਬਿਨਾਂ ਵਿਆਹ ਦੇ ਰੱਖਣ ਵਾਲੇ ਵਿਅਕਤੀ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਅਤੇ ਜਬਰ ਜਨਾਹ ਤੋਂ ਦੁਖੀ 16 ਸਾਲਾ ਮੁਟਿਆਰ ਦੁਖੀ ਹੋ ਕੇ ਉਸ ਵਿਅਕਤੀ ਦੇ ਚੁੰਗਲ ਵਿੱਚੋਂ ਛੁੱਟ ਆਪਣੇ ਪਿੰਡ ਆ ਗਈ ਅਤੇ ਉਸ ਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਪਿੰਡ ਦੀ ਪੰਚਾਇਤ ਨੂੰ ਸੁਣਾਈ ਜਿਨ੍ਹਾਂ ਪੁਲਿਸ ਕੋਲ ਸ਼ਿਕਾਇਤ ਕੀਤੀ। ਚੱਬੇਵਾਲ ਪੁਲਿਸ ਨੇ ਧੀ ਦੀ ਪੱਤ ਆਪਣੇ ਹੱਥੀਂ ਰੋਲਣ ਵਾਲੇ ਪਿਤਾ ਸਮੇਤ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਚੱਬੇਵਾਲ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਿਗ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਮਾਂ ਦੀ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਘਰ ਵਿਚ ਆਪਣੀ ਛੋਟੀ ਭੈਣ ਨਾਲ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਇਸ ਕੰਮ ਵਿਚ ਅੜਚਨ ਸਮਝਦਾ ਸੀ। ਉਸ ਨੇ ਦੱਸਿਆ ਕਿ 20 ਜਨਵਰੀ 2025 ਨੂੰ ਉਸ ਦੇ ਪਿਤਾ, ਤਾਇਆ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਰਮਨਦੀਪ ਸਿੰਘ ਉਰਫ਼ ਰਵੀ ਵਾਸੀ ਬਘੌਰਾ ਨੇੜੇ ਮਾਹਿਲਪੁਰ ਨਾਲ ਬਿਨਾਂ ਕੋਈ ਧਾਰਮਿਕ ਰਸਮਾਂ ਦੇ ਵਿਆਹ ਕੀਤੇ, ਉਸ ਦੀ ਮਰਜ਼ੀ ਤੋਂ ਖ਼ਿਲਾਫ਼ ਤੋਰ ਦਿੱਤਾ। ਉਸ ਨੇ ਦੱਸਿਆ ਕਿ ਰਮਨਦੀਪ ਸਿੰਘ ਉਸ ਨੂੰ ਘਰ ਲਿਜਾ ਕੇ ਬੰਦ ਕਮਰੇ ਵਿਚ ਉਸ ਨਾਲ ਉਸ ਦੀ ਵਿਰੋਧਤਾ ਦੇ ਬਾਵਜੂਦ ਜਬਰ ਜਨਾਹ ਕਰਦਾ ਰਿਹਾ ਅਤੇ ਇਨਕਾਰ ਕਰਨ ’ਤੇ ਉਸ ਨਾਲ ਕੁੱਟਮਾਰ ਕਰਦਾ ਅਤੇ ਘਰੋਂ ਕੱਢ ਦਿੰਦਾ ਸੀ। ਉਸ ਨੇ ਦੱਸਿਆ ਕਿ ਉਸ ਨੇ ਕਈ ਵਾਰ ਆਪਣੇ ਪਿਤਾ, ਤਾਇਆ ਅਤੇ ਹੋਰ ਰਿਸ਼ਤੇਦਾਰਾਂ ਨੂੰ ਦੱਸਿਆ ਪ੍ਰੰਤੂ ਉਸ ਦੀ ਕਿਸੇ ਨੇ ਵੀ ਸੁਣਵਾਈ ਨਾ ਕੀਤੀ ਬਲਕਿ ਉਹ ਵੀ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਬਘੌਰਾ ਪਿੰਡ ਛੱਡ ਆਉਂਦੇ। ਉਸ ਨੇ ਦੱਸਿਆ ਕਿ 9 ਅਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੀ ਰਮਨਦੀਪ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਪਿੰਡ ਦੀ ਪੰਚਾਇਤ ਨੇ ਇਸ ਦੀ ਸੂਚਨਾ ਦਿੱਤੀ ਜਿਨ੍ਹਾਂ ਉਸ ਨੂੰ ਬਾਲ ਭਲਾਈ ਵਿਭਾਗ ਕੋਲ ਪਹੁੰਚਾਇਆ। ਚੱਬੇਵਾਲ ਪੁਲਿਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਲਖਵੀਰ ਸਿੰਘ ਸੋਢੀ ਵਾਸੀ ਬਾਹੋਵਾਲ, ਗੁਰਬਖ਼ਸ਼ ਸਿੰਘ ਪੱਪੂ ਵਾਸੀ ਬਾਹੋਵਾਲ, ਮਨਜੀਤ ਕੌਰ ਵਾਸੀ ਰਾਵਲਪਿੰਡੀ ਥਾਣਾ ਗੜ੍ਹਸ਼ੰਕਰ, ਉਸ ਦੇ ਪਤੀ ਨਾਜਰ ਸਿੰਘ ਵਾਸੀ ਰਾਵਲਪਿੰਡੀ ਅਤੇ ਰਮਨਦੀਪ ਸਿੰਘ ਰਵੀ ਵਾਸੀ ਬਘੌਰਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



