
ਪਟਿਆਲਾ, 17 ਜੁਲਾਈ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੇ ਜਾਣ ਤੋਂ ਬਾਅਦ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਯੂਟੀ ਪੁਲਿਸ ਦੀ ਜਾਂਚ ਕਮੇਟੀ ਦੀ ਢਿੱਲੀ ਕਾਰਗੁਜਾਰੀ ਨੂੰ ਦੇਖਦਿਆਂ ਹਾਈਕੋਰਟ ਨੇ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਚਾਰ ਮਹੀਨੇ ਤੋਂ ਭੱਜ ਦੌੜ ਕਰ ਰਹੇ ਹਨ ਤੇ ਇਨਸਾਫ ਮਿਲਣ ਤੱਕ ਮੁਸ਼ਕੱਤ ਜਾਰੀ ਰਹੇਗੀ। ਇੱਥੇ ਪ੍ਰੈੱਸ ਕਾਨਫਰੰਸ ਨੂੰ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਕੌਰ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਸਹੀ ਕੰਮ ਕੀਤਾ ਸੀ। ਧਾਰਾ 307 ਲਗਾਉਣ ਦੇ ਨਾਲ ਨਾਮਜ਼ਦ ਮੁਲਜਮਾਂ ਦੀਆਂ ਜ਼ਮਾਨਤਾ ਰੱਦ ਕਰਨ ਲਈ ਵੀ ਕਿਹਾ ਸੀ। ਪਰ ਕੁਝ ਦਿਨਾਂ ’ਚ ਹੀ ਸਭ ਕੁਝ ਬਦਲ ਗਿਆ। ਉੱਚ ਪੱਧਰੀ ਦਬਾਅ ਹੇਠ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅਹਿਮ ਤੱਥਾਂ ਦੀ ਅਣਦੇਖੀ ਕਰਦਿਆਂ ਧਾਰਾ 307 ਹਟਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਦੀ ਜਾਂਚ ਕਮੇਟੀ ਨੇ ਵੀ ਜਾਂਚ ਦੀ ਬਜਾਏ ਚੰਡੀਗੜ੍ਹ ਪੁਲਿਸ ਨਾਲ ਸਾਂਝ ਪੁਗਾ ਕੇ ਮੁਕੱਦਮਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਉਨਾਂ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਜਾ ਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੀਬੀਆਈ ਜਾਂਚ ਕਰਵਾਉਣ ਦੀ ਖ਼ਿਲਾਫ਼ਤ ਕੀਤੀ ਸੀ। ਉਨਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਨਾਗਰਿਕ ਹੋ ਕੇ ਸਾਨੂੰ ਇੰਨਸਾਫ ਲਈ ਪੰਜਾਬ ਤੋਂ ਬਾਹਰ ਜਾਣਾ ਪਿਆ ਹੈ।



