
ਕਰਤਾਰਪੁਰ, 25 ਨਵੰਬਰ : ਜਲੰਧਰ ਜ਼ਿਲ੍ਹੇ ਦਾ ਕਸਬਾ ਕਰਤਾਰਪੁਰ ਸਿੱਖ ਇਤਿਹਾਸ ’ਚ ਅਹਿਮ ਸਥਾਨ ਰੱਖਦਾ ਹੈ। ਇਹ ਕਸਬਾ ਨਾ ਸਿਰਫ਼ ਗੁਰੂ ਸਾਹਿਬਾਨ ਦੀ ਛੋਹ ਹਾਸਲ ਹੈ ਸਗੋਂ ਸਿੱਖ ਇਤਿਹਾਸ ਨਾਲ ਸਬੰਧਤ ਕਈ ਇਤਿਹਾਸਕ ਘਟਨਾਵਾਂ ਦਾ ਵੀ ਗਵਾਹ ਰਿਹਾ ਹੈ ਪਰ ਮੌਕੇ ਦੀਆਂ ਸਰਕਾਰਾਂ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਇਸ ਸ਼ਹਿਰ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਅਣਗੌਲਿਆ ਹੈ। ਇਨ੍ਹਾਂ ’ਚੋਂ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਸਤਰ ਵੀ ਹਨ, ਜਿਹੜੇ ਕਰਤਾਰਪੁਰ ਥਾਣੇ ’ਚ ਰੁਲ਼ ਰਹੇ ਹਨ। ਸਿੱਖੀ ਦੇ ਕੇਂਦਰ ਹਰਿਮੰਦਰ ਸਾਹਿਬ ਨੂੰ ਜਾਂਦੀ ਸੜਕ ’ਤੇ ਸਥਿਤ ਕਸਬਾ ਕਰਤਾਰਪੁਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇਆ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਦੋ ਅਹਿਮ ਘਟਨਾਵਾਂ ਦਾ ਵੀ ਇਹ ਕਸਬਾ ਗਵਾਹ ਰਿਹਾ ਹੈ। ਇਸ ਦੇ ਬਾਵਜੂਦ ਇਸ ਸ਼ਹਿਰ ਨੂੰ ਉਹ ਸਨਮਾਨ ਨਹੀਂ ਮਿਲ ਸਕਿਆ ਜਿਸ ਦਾ ਇਹ ਹੱਕਦਾਰ ਸੀ। ਨਾ ਤਾਂ ਇਸ ਸ਼ਹਿਰ ਦੇ ਵਿਕਾਸ ਵੱਲ ਧਿਆਨ ਦਿੱਤਾ ਗਿਆ ਤੇ ਨਾ ਹੀ ਇਸ ਸ਼ਹਿਰ ਦੀ ਇਤਿਹਸਕਤਾ ਨੂੰ ਸੰਭਾਲਣ ਦਾ ਯਤਨ ਕੀਤਾ ਗਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਪਰਿਵਾਰ ਨਾਲ ਸਬੰਧਤ ਸ਼ਸਤਰ ਵੀ ਇਸੇ ਅਣਗਿਹਲੀ ਦਾ ਸ਼ਿਕਾਰ ਹੋਏ। ਇਹ ਸ਼ਸਤਰ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਅਜਾਇਬ ਘਰ ਜਾਂ ਗੁਰਦੁਆਰੇ ’ਚ ਸੁਸ਼ੋਭਿਤ ਹੋਣ ਦੀ ਥਾਂ ਕਰਤਾਰਪੁਰ ਥਾਣੇ ’ਚ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਇਹ ਸ਼ਸਤਰ ਗੁਰੂ ਸਾਹਿਬਾਨ ਨੇ ਜੰਗਾਂ ਦੌਰਾਨ ਤੇ ਜੰਗੀ ਮਸ਼ਕਾਂ ਦੌਰਾਨ ਵਰਤੇ ਸਨ। ਇਨ੍ਹਾਂ ਸ਼ਸਤਰਾਂ ’ਚ ਅੱਠ ਤੋਂ 12 ਵੱਡੀਆਂ ਛੋਟੀਆਂ ਬੰਦੂਕਾਂ ਹਨ ਤੇ ਹਥਿਆਰਾਂ ਨਾਲ ਸਬੰਧਤ ਕੁਝ ਹੋਰ ਸਮਾਨ ਹੈ। ਹਾਲਾਂਕਿ ਥਾਣੇ ’ਚ ਇਕ ਸਾਫ ਸੁਥਰੀ-ਅਲਮਾਰੀ ’ਚ ਚੰਗੀ ਸਾਂਭ-ਸੰਭਾਲ ਨਾਲ ਰੱਖੇ ਗਏ ਹਨ। ਗੁਰੂ ਸਾਹਿਬ ਦੀਆਂ ਇਨ੍ਹਾਂ ਇਤਿਹਾਸਕ ਨਿਸ਼ਾਨੀਆਂ ਦੀ ਸਾਂਭ-ਸੰਭਾਲ ’ਚ ਅਹਿਮ ਭੂਮਿਕਾ ਕਰਤਾਰਪੁਰ ਥਾਣੇ ਦੇ ਸਾਬਕਾ ਮੁਖੀ ਸੁਰਿੰਦਰ ਪਾਲ ਸਿੰਘ ਨਿਭਾਅ ਰਹੇ ਹਨ। ਸੁਰਿੰਦਰ ਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਜਦੋਂ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਹ ਨਿਸ਼ਾਨੀਆਂ ਗੁਰੂ ਕਾਲ ਦੀਆਂ ਹਨ। ਇਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਸ਼ਾਨੀਆਂ ਨੂੰ ਇਸ ਤਰ੍ਹਾਂ ਥਾਣੇ ਦੇ ਮਾਲਖਾਨੇ ’ਚ ਰੁਲਦਾ ਦੇਖ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ। ਉਨ੍ਹਾਂ ਖ਼ੁਦ ਇਨ੍ਹਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲੈਂਦਿਆਂ ਇਕ ਅਲਮਾਰੀ ਬਣਵਾਈ ਤੇ ਇਹ ਸਾਰੀਆਂ ਨਿਸ਼ਾਨੀਆਂ ਮਰਿਆਦਾ ਮੁਤਾਬਕ ਇਨ੍ਹਾਂ ਰੱਖੀਆਂ। ਉਨ੍ਹਾਂ ਕਿਹਾ ਕਿ ਮੈਂ ਗੁਰੂ ਪਾਤਸ਼ਾਹ ਦਾ ਹਮੇਸ਼ਾ ਰਿਣੀ ਰਹਾਂਗਾ ਜਿਨਾਂ ਨੇ ਇਨਾਂ ਸ਼ਸਤਰਾਂ ਦੀ ਸੇਵਾ ਸੰਭਾਲ ਦੀ ਸੇਵਾ ਮੇਰੇ ਹਿੱਸੇ ਲਾਈ।



