ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਪਹਿਲਕਦਮੀ, ਪੁਲਿਸ-ਜਨਤਾ ਵਿਚਾਲੇ ਬਿਹਤਰ ਸੰਬੰਧਾਂ ਲਈ ਕੀਤੀ ‘ਵਾਕ ਏ ਟਾਕ’ ਦੀ ਸ਼ੁਰੂਆਤ

ਲੁਧਿਆਣਾ, 28 ਜੂਨ: ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਵਿਆਪਕ ਪਹਿਲਕਦਮੀ ‘ਵਾਕ ਏ ਟਾਕ’ ਦੀ ਸ਼ੁਰੂਆਤ ਕੀਤੀ। ਇਹ ਪਹਿਲਕਦਮੀ ਲੁਧਿਆਣਾ ਦੇ ਨਾਗਰਿਕਾਂ ਦੀ ਭਲਾਈ ਬਾਰੇ ਜਾਣਨ ਦੇ ਇਰਾਦੇ ਨਾਲ ਕੀਤੀ ਗਈ। ਇਸ ਦੀ ਸ਼ੁਰੂਆਤ ਰੋਜ਼ ਗਾਰਡਨ ਅਤੇ ਮਿੱਡਾ ਚੌਕ ਵਰਗੀਆਂ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ਤੋਂ ਕੀਤੀ ਗਈ। ਪੁਲਿਸ ਕਮਿਸ਼ਨਰ, ਲੁਧਿਆਣਾ ਦੀ ਅਗਵਾਈ ‘ਚ ਇਸ ਡਰਾਈਵ ‘ਚ ਸਥਾਨਕ ਜੀਓ, ਐਸਐਚਓ ਤੇ ਫੀਲਡ ਮੀਡੀਆ ਟੀਮ (ਐਫਐਮਟੀ) ਨੂੰ ਸ਼ਾਮਲ ਕੀਤਾ ਗਿਆ ਸੀ। ਵਿਸ਼ੇਸ਼ ਤੌਰ ‘ਤੇ 15 ਮਈ, 2025 ਨੂੰ ਕਰਵਾਏ ਗਏ ਇਸੇ ਤਰ੍ਹਾਂ ਦੇ ਆਊਟਰੀਚ ਯਤਨ ਦੌਰਾਨ ਪੁਲਿਸ ਕਮਿਸ਼ਨਰ ਨੇ ਨਾਗਰਿਕਾਂ ਨਾਲ ਗੱਲਬਾਤ ਕਰਨ ਅਤੇ ਜਨਤਕ ਸੁਰੱਖਿਆ ਸਥਿਤੀਆਂ ਦਾ ਖੁਦ ਮੁਲਾਂਕਣ ਕਰਨ ਲਈ ਰੱਖ ਬਾਗ, ਕਿਪਸ ਮਾਰਕੀਟ ਅਤੇ ਦੁੱਗਰੀ ਮਾਰਕੀਟ, ਸਨ ਵਿਊ ਐਨਕਲੇਵ ਸਮੇਤ ਮੁੱਖ ਜਨਤਕ ਸਥਾਨਾਂ ਦਾ ਨਿੱਜੀ ਤੌਰ ‘ਤੇ ਦੌਰਾ ਕੀਤਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਤੇ ਸੁਝਾਵਾਂ ਨੂੰ ਸਿੱਧੇ ਪੁਲਿਸ ਨੂੰ ਦੱਸਣ ਲਈ ਪਲੇਟਫਾਰਮ ਪ੍ਰਦਾਨ ਕਰਨਾ ਹੈ। ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਤੇ ਪੁਲਿਸ ਅਤੇ ਜਨਤਾ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਹੋਣ ਦੇ ਚਲਦੇ ਅਪਰਾਧ, ਟ੍ਰੈਫਿਕ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ਾਖੋਰੀ, ਜਾਂ ਪਰੇਸ਼ਾਨੀ ਵਾਲੇ ਵਿਵਹਾਰ ਵਰਗੇ ਸਥਾਨਕ ਮੁੱਦਿਆਂ ਦੇ ਸਾਂਝੇ ਤੌਰ ‘ਤੇ ਹੱਲ ਲੱਭਿਆ ਜਾ ਸਕਦਾ ਹੈ। ਇਸ ਦੇ ਜ਼ਰੀਏ ਜਨਤਾ ਨੂੰ ਕਾਨੂੰਨ, ਸੁਰੱਖਿਆ ਉਪਾਵਾਂ, ਅਪਰਾਧ ਰੋਕਥਾਮ, ਅਤੇ ਪੁਲਿਸ ਦੀ ਭੂਮਿਕਾ ਬਾਰੇ ਸਿੱਖਿਅਤ ਕੀਤਾ ਜਾਵੇਗਾ। ਉਹਨਾਂ ਕਿਹਾ ਇਸ ਦੇ ਜ਼ਰੀਏ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਜਨਤਾ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਾਸ ਕਰਕੇ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਸਰਗਰਮ ਉਪਾਅ ਅਤੇ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ।



