ਕਮਿਊਨਟੀ ਹੈੱਲਥ ਅਫਸਰ ਯੂਨੀਅਨ ਵੱਲੋਂ ਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ
25 ਮਾਰਚ ਨੂੰ ਪੂਰੇ ਸੂਬੇ ਵਿੱਚ ਡੀਸੀ ਦਫ਼ਤਰਾਂ ਸਾਹਮਣੇ ਕਰਨਗੇ ਸਰਕਾਰ ਦਾ ਪਿੱਟ ਸਿਆਪਾ

ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਅੱਜ ਕਮਿਊਨਟੀ ਹੈੱਲਥ ਅਫ਼ਸਰ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਡੀਸੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ । ਆਗੂਆਂ ਨੇ ਦੱਸਿਆ ਕਿ ਸੂਬੇ ਵਿੱਚ 2500 ਸੀਐੱਚਓ ਪਿੰਡਾਂ ਵਿੱਚ ਚੱਲਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਜ਼ਮੀਨੀ ਪੱਧਰ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ । ਉਹ ਆਪਣੀਆਂ ਮੁਸ਼ਕਲਾਂ ਸਬੰਧੀ ਸਰਕਾਰ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ ਵਾਰ ਜਾਣੂ ਕਰਵਾ ਚੁੱਕੇ ਹਨ, ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਸਨ ਜੋ ਹੁਣ ਖ਼ਤਮ ਹੋ ਰਹੀਆਂ ਹਨ । ਲਗਾਤਾਰ 3 ਸਾਲਾਂ ਤੋਂ ਉਹ ਸਰਕਾਰ ਦੇ ਮੰਤਰੀਆਂ ਅਤੇ ਆਹੁਦੇਦਾਰਾਂ ਨੂੰ ਮੰਗ ਪੱਤਰ ਦੇ ਰਹੇ ਹਨ । ਪਿਛਲੇ 3 ਸਾਲ ਤੋਂ ਉਹਨਾਂ ਵੱਲੋਂ ਸੂਬੇ ਦੇ ਸਿਹਤ ਮੰਤਰੀ ਅਤੇ ਕੈਬਿਨੇਟ ਸਬ ਕਮੇਟੀ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਗਈਆਂ ਪਿਛਲੇ ਸਾਲ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ 16 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਪਰ ਮੀਟਿੰਗ ਤੋਂ ਇਕ ਦਿਨ ਪਹਿਲਾਂ ਕੈਂਸਲ ਕਰ ਦਿੱਤੀ ਗਈ । ਸਾਰੇ ਮੁਲਾਜ਼ਮਾਂ ਵਿੱਚ ਸਰਕਾਰ ਦੇ ਇਸ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਪ੍ਰਤੀ ਭਾਰੀ ਰੋਸ ਹੈ । ਜਨਵਰੀ ਮਹੀਨੇ ਵਿੱਚ ਸੈਕਰੇਟਰੀ ਹੈੱਲਥ ਕੁਮਾਰ ਰਾਹੁਲ ਨੇ ਸੀਐੱਚਓ ਐਸੋਸੀਏਸ਼ਨ ਪੰਜਾਬ ਨਾਲ ਕੀਤੀ ਮੀਟਿੰਗ ਵਿਚ ਉਨ੍ਹਾਂ ਨੇ ਲਿਖਤੀ ਰੂਪ ਵਿਚ ਭਰੋਸਾ ਦਿੱਤਾ ਸੀ ਕਿ ਉਹ ਦੋ ਮਹੀਨਿਆਂ ਵਿਚ ਸਾਡੇ ਵਿੱਤੀ ਮਸਲੇ ਹੱਲ ਕਰ ਦੇਣਗੇ ,ਜਿਸਦੇ ਉਪਰੰਤ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸਨੇ ਸਾਡੇ ਵਿੱਤੀ ਮਸਲੇ ਹੱਲ ਕਰਨੇ ਸੀ, ਪਰ ਅੱਜ ਲਗਭਗ 40 ਦਿਨ ਬੀਤ ਜਾਣ ਉਪਰੰਤ ਵੀ ਉਨ੍ਹਾਂ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਅਤੇ ਇਸ ਵਾਰ ਵੀ ਸਰਕਾਰ ਨੇ ਆਪਣੀ ਲਾਰੇਬਾਜ਼ੀ ਵਾਲੀ ਨੀਤੀ ਜਾਰੀ ਰੱਖੀ । ਜਿਸ ਤੋਂ ਦੁਖੀ ਹੋ ਕੇ ਸੂਬੇ ਦੇ ਸਮੂਹ ਐਕਮਿਊਨਟੀ ਹੈੱਲਥ ਅਫਸਰਾਂ ਨੇ ਇਹ ਫ਼ੈਸਲਾ ਲਿਆ ਹੈ ਕਿ 25 ਮਾਰਚ 2025 ਨੂੰ ਸੂਬੇ ਦੇ ਲਗਭਗ 2500 ਸੀਐੱਚਓ ਵੱਲੋਂ ਪੰਜਾਬ ਦੇ ਸਮੂਹ ਡੀਸੀ ਦਫ਼ਤਰਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਜਾਏਗਾ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਏਗਾ । ਇਸ ਮੌਕੇ ਸੀਨੀਅਰ ਆਗੂ ਕੌਰਜੀਤ ਸਿੰਘ ਢਿੱਲੋਂ, ਨਰਿੰਦਰ ਸ਼ਰਮਾ, ਸੰਦੀਪ ਸਿੰਘ ਪ੍ਰਧਾਨ ਐਕਸਰੇ ਯੂਨੀਅਨ ਪੰਜਾਬ, ਨਰਿੰਦਰ ਸਿੰਘ ਸੀਐੱਚਓ, ਰਮੇਸ਼ ਕੁਮਾਰ ਫਿਰੋਜ਼ਸ਼ਾਹ, ਡਾ. ਅਸ਼ੋਕ, ਡਾ. ਪ੍ਰੇਮ, ਗੌਰਵ, ਸ਼ਿੰਦਾ ਸਿੰਘ, ਡਾ. ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।



