
ਕਪੂਰਥਲਾ, 16 ਅਪ੍ਰੈਲ-ਸਬ ਡਵੀਜਨ ਭੁਲੱਥ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਸਕਿਓਰਿਟੀ ਲਈ ਤਾਇਨਾਤ ਕੀਤੇ ਗਏ ਇੱਕ ਬਾਊਂਸਰ ਦਾ ਪਿਸਤੌਲ ਚੋਰੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ’ਚ ਹੋ ਰਹੇ ਕਬੱਡੀ ਟੂਰਨਾਮੈਂਟ ਫਾਈਨ ਦੌਰਾਨ ਵੱਡੀ ਗਿਣਤੀ ’ਚ ਦਰਸ਼ਕਾਂ ਦੀ ਭੀੜ ਮੌਜੂਦ ਸੀ ਅਤੇ ਭੀੜ ਨੂੰ ਕੰਟਰੋਲ ਕਰਦੇ ਸਮੇਂ ਬਾਊਂਸਰ ਦਾ ਪਿਸਤੌਲ ਕਿਸੇ ਨੇ ਚੋਰੀ ਕਰ ਲਿਆ। ਥਾਣਾ ਭੁਲੱਥ ਦੀ ਪੁਲਿਸ ਵੱਲੋਂ ਮਾਮਲਾ ਦਰਜ਼ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਸ਼ੁਭਮ ਕੁਮਾਰ ਪੁੱਤਰ ਜਸਵੰਤ ਸਿੰਘ ਵਾਸੀ ਨੀਵਾਂ ਸੰਤੋਖਪੁਰਾ ਜਲੰਧਰ ਨੇ ਦੱਸਿਆ ਕਿ ਉਸਦੀ ਰਾਏ ਬਾਡੀਗਾਰਡ ਏਜੰਸੀ ਰਜਿ. ਹੈ ਅਤੇ ਘਰ ਵਿੱਚ ਹੀ ਉਸਨੇ ਦਫਤਰ ਬਣਾਇਆ ਹੋਇਆ ਹੈ। ਉਸ ਕੋਲ ਵੱਡੀ ਗਿਣਤੀ ਵਿੱਚ ਪੁੁਰਸ਼ ਅਤੇ ਮਹਿਲਾਵਾਂ ਹਨ ਜੋ ਸਕਿਓਰਿਟੀ ਗਾਰਡ ਦੀ ਡਿਊਟੀ ’ਤੇ ਤਾਇਨਾਤ ਹੁੰਦੇ ਹਨ। ਇਨ੍ਹਾਂ ਵਿੱਚ ਕਈ ਸਾਬਕਾ ਫ਼ੌਜੀ ਵੀ ਹਨ। ਉਸਨੇ ਦੱਸਿਆ ਕਿ ਬਾਰ ਅਤੇ 14 ਅਪ੍ਰੈਲ ਨੂੰ ਭੁਲੱਥ ਦੇ ਮੋਹਨਬੀਰ ਸਿੰਘ ਬੱਲ ਵੱਲੋਂ ਕਬੱਡੀ ਟੂਰਨਾਮੈਂਟ ਲਈ 60 ਪੁਰਸ਼ ਅਤੇ ਮਹਿਲਾਵਾਂ ਦੀ ਮੰਗ ਕੀਤੀ ਗਈ ਸੀ ਅਤੇ ਮੰਗ ਅਨੁਸਾਰ ਕੁੱਝ ਹਥਿਆਰਬੰਦ ਪੁਰਸ਼ ਅਤੇ ਬਿਨਾਂ ਹਥਿਆਰ ਪੁਰਸ਼ ਅਤੇ ਮਹਿਲਾਵਾਂ ਦੀ ਡਿਊਟੀ ਟੂਰਨਾਮੈਂਟ ’ਤੇ ਲਗਾਈ ਗਈ ਸੀ ਅਤੇ ਉਹ ਖੁੱਦ ਹੀ ਟੂਰਨਾਮੈਂਟ ਸਕਿਓਰਿਟੀ ਲਈ ਤਾਇਨਾਤ ਸੀ। ਉਸਨੇ ਕਿਹਾ ਕਿ ਉਸਦਾ 32 ਬੋਰ ਦਾ ਪਿਸਤੌਲ ਫਾਈਨਲ ਵਾਲੇ ਦਿਨ ਗਰਾਊਂਡ ਵਿੱਚ ਭਾਰੀ ਭੀੜ ਹੋਣ ਕਰਕੇ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ। ਉਸਨੇ ਆਪਣਾ ਪਿਸਤੌਲ ਆਪਣੀ ਕਮਰ ਦੇ ਨਾਲ ਬੰਨ੍ਹੇ ਕਵਰ ਵਿੱਚ ਪਾਇਆ ਹੋਇਆ ਸੀ। ਜ਼ਿਆਦਾ ਭੀੜ ਦੇ ਚੱਲਦੇ ਸਕਿਓਰਿਟੀ ਗਾਰਡ ਗੁਰਪ੍ਰੀਤ ਸਿੰਘ ਵਾਸੀ ਮਨਸੂਰਵਾਲ ਦੋਨਾ ਅਤੇ ਜਤਿੰਦਰ ਸਿੰਘ ਵਾਸੀ ਜਲੰਧਰ ਦੀ ਮੇਨ ਐਂਟਰੀ ’ਤੇ ਪਬਲਿਕ ਨੂੰ ਕੰਟਰੋਲ ਕਰਨ ’ਤੇ ਲਗਾਈ ਹੋਈ ਅਤੇ ਉਹ ਖੁਦ ਵੀ ਉਥੇ ਹੀ ਤਾਇਨਾਤ ਸੀ, ਉਸਨੇ ਸ਼ਾਮ ਨੂੰ ਕਰੀਬ 7 ਵਜੇ ਉਸਨੇ ਦੇਖਿਆ ਕਿ ਉਸਦਾ ਪਿਸਤੌਲ ਕਵਰ ਵਿੱਚ ਨਹੀਂ ਸੀ। ਉਸ ਵੱਲੋਂ ਆਪਣੇ ਪੱਧਰ ’ਤੇ ਪਿਸਤੌਲ ਦੀ ਭਾਲ ਵੀ ਕੀਤੀ ਗਈ ਅਤੇ ਗਰਾਊਂਡ ਵਿੱਚ ਅਨਾਊਂਸਮੈਂਟ ਵੀ ਕਰਵਾਈ ਗਈ ਪਰ ਉਸਨੂੰ ਉਸਦਾ ਪਿਸਤੌਲ ਨਹੀਂ ਮਿਲਿਆ। ਡੀਐੱਸਪੀ ਭੁਲੱਥ ਕਰਨੈਲ ਸਿੰਘ ਨੇ ਕਿਹਾ ਕਿ ਬਾਊਂਸਰ ਸ਼ੁਭਮ ਦੀ ਸ਼ਿਕਾਇਤ ’ਤੇ ਥਾਣਾ ਭੁਲੱਥ ਵਿਖੇ ਮਾਮਲਾ ਦਰਜ ਕਰਕੇ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਅਤੇ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਹੈ।



