
ਸੁਲਤਾਨਪੁਰ ਲੋਧੀ, 11 ਜੁਲਾਈ : ਕਪੂਰਥਲਾ ਦੇ ਪਿੰਡ ਭਾਨੋਲੰਗਾ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਨੌਜਵਾਨ ਦੀ ਮਾਂ ਦੀ ਸ਼ਿਕਾਇਤ ‘ਤੇ ਕੁਰਾਲੀ ਦੇ ਦੋ ਟ੍ਰੈਵਲ ਏਜੰਟ ਭਰਾਵਾਂ ਵਿਰੁੱਧ ਥਾਣਾ ਸਦਰ ਵਿੱਚ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਕੀਤੀ ਹੈ। ਜਾਣਕਾਰੀ ਅਨੁਸਾਰ, ਪਿੰਡ ਭਾਨੋਲੰਗਾ ਦੇ ਰਹਿਣ ਵਾਲੇ ਭਜਨ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਟ੍ਰੈਵਲ ਏਜੰਟਾਂ ਜੁਗਰਾਜ ਸਿੰਘ, ਸਿਮਰਜੀਤ ਸਿੰਘ, ਦੋਵੇਂ ਪੁੱਤਰ ਪਿਆਰਾ ਸਿੰਘ, ਵਾਸੀ ਅੱਲ੍ਹਾਪੁਰ ਕੁਰਾਲੀ ਨਾਲ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਮਾਲਟਾ ਭੇਜਣ ਲਈ ਸਹਿਮਤੀ ਜਤਾਈ ਸੀ। ਉਸ ਨੇ ਆਪਣੇ ਪੁੱਤਰ ਦੇ ਦਸਤਾਵੇਜ਼ਾਂ ਸਮੇਤ ਵੱਖ-ਵੱਖ ਸਮੇਂ ‘ਤੇ ਟ੍ਰੈਵਲ ਏਜੰਟ ਭਰਾਵਾਂ ਨੂੰ 6 ਲੱਖ ਰੁਪਏ ਵੀ ਦਿੱਤੇ ਪਰ ਮੁਲਜ਼ਮ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਡੀਐਸਪੀ ਸਬ ਡਿਵੀਜ਼ਨ ਦੀਪਕਰਨ ਸਿੰਘ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਹੈ ਅਤੇ ਥਾਣਾ ਸਦਰ ਵਿੱਚ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਦੋਵਾਂ ਟ੍ਰੈਵਲ ਏਜੰਟਾਂ ਯੁਵਰਾਜ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਸਿਮਰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



