
ਲੁਧਿਆਣਾ, 15 ਜੁਲਾਈ : ਲੁਧਿਆਣਾ ਪਿਛਲੇ ਦਿਨਾਂ ’ਚ ਵਾਪਰੀਆਂ ਕਤਲ ਦੀਆਂ ਕਈ ਵਾਰਦਾਤਾਂ ’ਚ ਲੁਧਿਆਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਦੇ ਅੰਦਰ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਰਿਹਾ ਸਿੱਕੇ ਦਾ ਇੱਕ ਪਹਿਲੂ ਪਰ ਜੇਕਰ ਸਿੱਕੇ ਦਾ ਦੂਸਰੇ ਪਹਿਲੂ ’ਤੇ ਝਾਤੀ ਮਾਰੀ ਜਾਵੇ ਤਾਂ ਸਾਹਮਣੇ ਆਵੇਗਾ ਕਿ ਲੁਧਿਆਣਾ ’ਚ ਪਿਛਲੇ ਲੰਮੇ ਸਮੇਂ ਤੋਂ ਕਤਲ ਦੇ ਕੁਝ ਅਜਿਹੇ ਮਾਮਲੇ ਲਟਕ ਰਹੇ ਹਨ, ਜਿਨ੍ਹਾਂ ਨੂੰ ਸੁਲਝਾਉਣ ’ਚ ਲੁਧਿਆਣਾ ਪੁਲਿਸ ਬਿਲਕੁਲ ਅਸਮਰੱਥ ਨਜ਼ਰ ਆ ਰਹੀ ਹੈ। ਇੱਕ ਕੇਸ ’ਚ ਤਾਂ ਵਿਅਕਤੀ ਦੇ ਸਰੀਰ ਦੇ 6 ਟੁਕੜੇ ਕੀਤੇ ਗਏ ਸਨ। ਇੰਨਾ ਹੀ ਨਹੀਂ ਕਈ ਮਾਮਲਿਆਂ ’ਚ ਕਤਲ ਹੋਏ ਵਿਅਕਤੀਆਂ ਦੀ ਸ਼ਨਾਖਤ ਹੀ ਨਹੀਂ ਹੋ ਸਕੀ। ਪੁਲਿਸ ਦੇ ਕਈ ਅਧਿਕਾਰੀ ਬਦਲ ਗਏ ਪਰ ਸ਼ਹਿਰ ’ਚ ਹੋਈਆਂ ਕਈ ਦਰਦਨਾਕ ਹੱਤਿਆਵਾਂ ਦੇ ਮਾਮਲੇ ਅਜੇ ਵੀ ਅਣਸੁਲਝੇ ਹਨ। ਬਾਕਸ– ਬੱਗਾ ਕਲਾਂ ਇਲਾਕੇ ਦਾ ਕਤਲ ਕੇਸ 31 ਜਨਵਰੀ 2024 ਨੂੰ ਲਾਡੋਵਾਲ ਰਿੰਗ ਰੋਡ ਨੇੜੇ ਪੈੰਦੇ ਪਿੰਡ ਬੱਗਾ ਕਲਾਂ ’ਚ ਇਕ ਅਣਪਛਾਤੀ ਔਰਤ ਦੀ ਲਾਸ਼ ਇਕ ਖਾਲੀ ਪਲਾਟ ਚ ਚਾਦਰ ’ਚ ਲਿਪਟੀ ਮਿਲੀ। ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ ਤੋਂ ਪਹਿਲੋਂ ਔਰਤ ਦਾ ਗਰਭਪਾਤ ਕਰਵਾਇਆ ਗਿਆ ਸੀ। ਥਾਣਾ ਲਾਡੋਵਾਲ ਦੇ ਇੰਚਾਰਜ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਕੇਸ ’ਚ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ। ਬਾਕਸ– 6 ਟੁਕੜਿਆਂ ’ਚ ਬਰਾਮਦ ਕੀਤੀ ਗਈ ਸੀ ਲਾਸ਼ ਕੁਝ ਸਮਾਂ ਪਹਿਲੋਂ ਸ਼ੇਰਪੁਰ ਵਿਖੇ ਰੇਲਵੇ ਟਰੈਕ ਕੋਲ ਲੋਕਾਂ ਨੇ ਇੱਕ ਲਾਸ਼ ਦੇ 6 ਟੁਕੜੇ ਮਿਲੇ। ਧੜ ਇਕ ਸੂਟਕੇਸ ਚ ਰੇਲਵੇ ਓਵਰਬ੍ਰਿਜ ’ਤੇ ਮਿਲਿਆ, ਜਦਕਿ ਹੋਰ ਅੰਗ ਟਰੈਕ ’ਤੇ ਪਏ ਹੋਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਕਤਲ ਤੇ ਅੰਗ ਵੱਖਰੇ ਕਰਨ ਲਈ ਇਲੈਕਟ੍ਰਿਕ ਕਟਰ ਵਰਤਿਆ ਗਿਆ ਹੋ ਸਕਦਾ ਹੈ। ਥਾਣਾ ਡਵੀਜ਼ਨ ਨੰਬਰ 6 ਪੁਲੀਸ ਨੇ ਅਣਪਛਾਤੇ ਕਾਤਲਾਂ ਖਿਲਾਫ ਕੇਸ ਦਰਜ ਕੀਤਾ। ਇਹ ਕੇਸ ਵੀ ਨਹੀਂ ਸੁਲਝ ਸਕਿਆ। ਬਾਕਸ– ਕੇਂਦਰੀ ਜੇਲ੍ਹ ਕਰਮਚਾਰੀ ਦੇ ਰਿਸ਼ਤੇਦਾਰ ਦੀ ਹੱਤਿਆ ਬੀਤੇ ਸਾਲ ’ਚ 12 ਅਪ੍ਰੈਲ ਨੂੰ ਲੁਧਿਆਣਾ ਸੈਂਟ੍ਰਲ ਜੇਲ੍ਹ ਕੰਪਲੈਕਸ ’ਚ 90 ਸਾਲਾ ਜਮਾਲਦੀਨ ਦੀ ਸੜੀ ਹੋਈ ਲਾਸ਼ ਮਿਲੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਈਦ ਦੀਆਂ ਤਿਆਰੀਆਂ ਲਈ ਘਰ ਤੋਂ ਬਾਹਰ ਗਏ ਹੋਏ ਸਨ। ਘਰ ਤੋਂ 1.2 ਲੱਖ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਵੀ ਚੋਰੀ ਹੋਏ ਪਰ ਮਾਮਲਾ ਅਜੇ ਵੀ ਅਣਸੁਲਝਿਆ ਹੈ। ਬਾਕਸ– ਕਰਾਬਾਰਾ ਰੋਡ ਤੇ ਲਾਸ਼ ਰੁੱਖ ਨਾਲ ਲਟਕੀ ਮਿਲੀ 14 ਅਗਸਤ 2024 ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਕਰਾਬਾਰਾ ਰੋਡ ਤੇ ਇੱਕ ਰੁੱਖ ਨਾਲ ਗਲੇ ’ਚ ਕੱਪੜੇ ਨਾਲ ਬੰਨ੍ਹੀ ਹੋਈ ਮਿਲੀ। ਹੱਥਾਂ ਨੂੰ ਮੋਬਾਈਲ ਚਾਰਜਰ ਦੀ ਤਾਰ ਨਾਲ ਬੰਨ੍ਹਿਆ ਗਿਆ ਸੀ। ਪੁਲਿਸ ਮੁਤਾਬਕ ਪੁਰਾਣੀ ਰੰਜਿਸ਼ ਤੇ ਜਾਂਚ ਹੋਈ ਪਰ ਨਾ ਮ੍ਰਿਤਕ ਦੀ ਪਛਾਣ ਹੋਈ, ਨਾ ਕਤਲ ਦੀ ਗੁੱਥੀ ਸੁਲਝੀ। ਬਾਕਸ– ਪ੍ਰੇਮ ਵਿਹਾਰ ਚ ਮਾਂ-ਪੁੱਤ ਦੀ ਦੋਹਰੀ ਹੱਤਿਆ ਹੈਬੋਵਾਲ ਦੇ ਪ੍ਰੇਮ ਵਿਹਾਰ ’ਚ ਇੱਕ ਔਰਤ ਤੇ ਉਸਦੇ 10 ਸਾਲਾ ਪੁੱਤ ਦੀ ਹੱਤਿਆ ਨੇ ਸਾਰੇ ਇਲਾਕੇ ’ਚ ਦਹਿਸ਼ਤ ਬਣਾ ਦਿੱਤੀ ਸੀ । ਇਹ ਮਾਮਲਾ ਵੀ ਹਾਲੇ ਤੱਕ ਅਣਸੁਲਝਿਆ ਹੈ। ਬਾਕਸ– ਈ-ਰਿਕਸ਼ਾ ਚਾਲਕ ਦੀ ਹੱਤਿਆ ਨੂਰਵਾਲਾ ਦੇ ਡ੍ਰੀਮ ਸਿਟੀ–2 ਕਾਲੋਨੀ ਦੇ ਵਸਨੀਕ 32 ਸਾਲਾ ਈ-ਰਿਕਸ਼ਾ ਚਾਲਕ ਵਿਜੈ ਕੁਮਾਰ ਦੀ 20 ਦਸੰਬਰ ਨੂੰ ਹੱਤਿਆ ਹੋਈ। ਪੁਲਿਸ ਅਜੇ ਤੱਕ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ। ਲੰਮਾ ਸਮਾਂ ਬੀਤਣ ਦੇ ਬਾਵਜੂਦ ਇਨ੍ਹਾਂ ਸਾਰੇ ਮਾਮਲਿਆਂ ਨੂੰ ਹੱਲ ਕਰਨ ਲਈ ਲੁਧਿਆਣਾ ਪੁਲਿਸ ਅਸਮਰੱਥ ਨਜ਼ਰ ਆ ਰਹੀ ਹੈ। ਦੇਖਣਾ ਇਹ ਹੈ ਕਿ ਲੁਧਿਆਣਾ ਪੁਲਿਸ ਇਨ੍ਹਾਂ ਸਾਰੇ ਕਤਲ ਦੇ ਕੇਸਾਂ ਨੂੰ ਹੁਣ ਕਿੰਨੀ ਜਲਦੀ ਹੱਲ ਕਰਦੀ ਹੈ।



