Punjab

ਔਡੀ ਕਾਰ ’ਤੇ ਸਵਾਰ ਅਮੀਰਜ਼ਾਦੇ ਨੇ 4 ਲੋਕਾਂ ਨੂੰ ਦਰੜਿਆ

ਲੁਧਿਆਣਾ, 30 ਜੂਨ : ਲੁਧਿਆਣਾ ਸਥਾਨਕ ਭਾਮੀਆ ਕਲਾਂ ਰੋਡ ’ਤੇ ਤੇਜ਼ ਰਫਤਾਰ ਔਡੀ ਕਾਰ ’ਚ ਸਵਾਰ ਅਮੀਰਜ਼ਾਦੇ ਨੇ ਬੇਕਸੂਰ 4 ਰਾਹਗੀਰਾਂ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ’ਚ ਇੱਕ ਰਾਹਗੀਰ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਰੂਪ ਨਾਲ ਫੱਟੜ ਹੋ ਗਏ। ਫੱਟੜਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਦਕਿ ਇਸ ਦੁਰਘਟਨਾ ਲਈ ਜ਼ਿੰਮੇਵਾਰ ਔਡੀ ਕਾਰ ਦਾ ਚਾਲਕ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਰਿਹਾ। ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਦੁਰਘਟਨਾਗ੍ਰਸਤ ਹੋਈ ਔਡੀ ਕਾਰ ਨੂੰ ਕਬਜ਼ੇ ’ਚ ਲੈ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਹਾਲਾਂਕਿ ਰਾਹਗੀਰਾਂ ਨੇ ਰੋਸ ਪ੍ਰਗਟ ਕੀਤਾ ਕਿ ਜਾਣਕਾਰੀ ਮਿਲਣ ਦੇ ਬਾਵਜੂਦ ਪੁਲਿਸ ਨੂੰ ਮੌਕੇ ’ਤੇ ਪੁੱਜਣ ’ਚ ਕਰੀਬ 50 ਮਿੰਟ ਤੋਂ ਵੱਧ ਦਾ ਸਮਾਂ ਲੱਗ ਗਿਆ। ਘਟਨਾ ਐਤਵਾਰ ਸਵੇਰ ਦੀ ਹੈ, ਜਦ ਭਾਮੀਆਂ ਰੋਡ ਸਥਿਤ ਜੀਕੇ ਅਸਟੇਟ ਦੇ ਬਾਹਰ ਇੱਕ ਚਿੱਟੇ ਰੰਗ ਦੀ ਤੇਜ਼ ਰਫਤਾਰ ਔਡੀ ਕਾਰ ਨੇ ਸਾਹਮਣੇ ਤੋਂ ਆ ਰਹੇ ਰੇਹੜੀ ਵਾਲੇ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੇਕਾਬੂ ਹੋਈ ਕਾਰ ਨੇ ਸਕੂਟਰੀ ’ਤੇ ਜਾ ਰਹੇ 2 ਹੋਰ ਰਾਹਗੀਰਾਂ ਨੂੰ ਟੱਕਰ ਮਾਰੀ ਤੇ ਫਿਰ ਇੱਕ ਹੋਰ ਨੌਜਵਾਨ ਟੱਕਰ ਮਾਰਦੇ ਹੋਏ ਕਾਰ ਅੱਗੇ ਨਿਕਲ ਗਈ। ਇਸ ਦੁਰਘਟਨਾ ’ਚ ਜਾਨ ਗਵਾਉਣ ਵਾਲੇ ਰੇਹੜੀ ਚਾਲਕ ਦੀ ਪਛਾਣ ਪ੍ਰੇਮਪਾਲ ਦੇ ਰੂਪ ’ਚ ਹੋਈ ਹੈ, ਜਦਕਿ ਫੱਟੜਾਂ ਦੇ ਨਾਂ ਰਾਜੇਸ਼, ਜਸ਼ਨ ਸਿੰਘ ਤੇ ਹਰਪਾਲ ਦੱਸੇ ਜਾ ਰਹੇ ਹਨ। ਬਾਕਸ– ਹਾਦਸੇ ਮਗਰੋਂ ਕਾਰ ਚਾਲਕ ਨੇ ਗੱਡੀ ਭਜਾਈ ਬੇਕਾਬੂ ਹੋਈ ਕਾਰ ਨੇ ਰਾਹਗੀਰਾਂ ਨੂੰ ਲਪੇਟ ’ਚ ਲਿਆ ਤਾਂ ਉਕਤ ਔਡੀ ਕਾਰ ਦੇ ਚਾਲਕ ਨੇ ਰੁਕ ਕੇ ਵੇਖਣ ਦੀ ਵੀ ਜ਼ਹਿਮਤ ਨਾ ਚੁੱਕੀ। ਰਾਹਗੀਰਾਂ ਮੁਤਾਬਕ ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਰੇਹੜੀ ਨਾਲ ਟੱਕਰ ਮਗਰੋਂ ਸਾਮਾਨ ਦੂਰ ਤੱਕ ਇਧਰ-ਉਧਰ ਖਿੱਲਰ ਗਿਆ। ਕਾਰ ਸਵਾਰ ਨੇ ਕਾਰ ਰੋਕਣ ਦੀ ਬਜਾਏ ਹੋਰ ਤੇਜ਼ ਭਜਾਈ ਤੇ 3 ਹੋਰਾਂ ਨੂੰ ਲਪੇਟ ’ਚ ਲੈਣ ਮਗਰੋਂ ਕੁਝ ਅੱਗੇ ਜਾ ਕੇ ਕਾਰ ਬੰਦ ਹੋ ਗਈ। ਗੁੱਸੇ ’ਚ ਭਰੇ ਰਾਹਗੀਰਾਂ ਨੇ ਕਾਰ ਸਵਾਰ ਨੂੰ ਮੌਕੇ ’ਤੇ ਕਾਬੂ ਕਰ ਲਿਆ ਪਰ ਦੋਸ਼ੀ ਨੇ ਫੋਨ ਕਰਕੇ ਆਪਣੇ ਕਿਸੇ ਸਾਥੀ ਨੂੰ ਮੌਕੇ ਤੇ ਸੱਦਿਆ। ਭੀੜ ਨਾਲ ਗੱਲਬਾਤ ਕਰਨ ਦੌਰਾਨ ਦੋਸ਼ੀ ਚਾਲਕ ਸਵਿਫਟ ਕਾਰ ’ਤੇ ਸਵਾਰ ਹੋ ਕੇ ਆਏ ਆਪਣੇ ਸਾਥੀ ਨਾਲ ਗੱਲਬਾਤ ਕਰਨ ਲੱਗਾ ਤੇ ਉਸ ਗੱਡੀ ’ਚ ਹੀ ਬੈਠ ਕੇ ਫਰਾਰ ਹੋ ਗਿਆ। ਬਾਕਸ— ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ ਤੇਜ਼ ਰਫਤਾਰ ਔਡੀ ਕਾਰ ਦੀ ਦੁਰਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ, ਜਿਸ ’ਚ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਤੇਜ਼ ਰਫਤਾਰ ਚਿੱਟੇ ਰੰਗ ਦੀ ਔਡੀ ਕਾਰ ਨੇ ਸਾਹਮਣੇ ਤੋਂ ਆ ਰਹੇ ਰੇਹੜੀ ਚਾਲਕ ਨੂੰ ਟੱਕਰ ਮਾਰੀ ਤੇ ਤਿੰਨ ਹੋਰਾਂ ਨੂੰ ਲਪੇਟ ’ਚ ਲੈ ਲਿਆ। ਰਾਹਗੀਰਾਂ ਨੇ ਦੋਸ਼ ਲਾਏ ਕਿ ਔਡੀ ਕਾਰ ਦਾ ਚਾਲਕ ਪੂਰੀ ਤਰ੍ਹਾਂ ਨਾਲ ਨਸ਼ੇ ’ਚ ਸੀ ਤੇ ਉਸ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਸ ਨੇ ਕਿੰਨੇ ਲੋਕਾਂ ਦੀ ਜਾਨ ਖਤਰੇ ’ਚ ਪਾਈ ਹੈ। ਪੁਲਿਸ ਨੇ ਚੰਡੀਗੜ੍ਹ ਨੰਬਰ ਦੀ ਇਹ ਔਡੀ ਕਬਜ਼ੇ ’ਚ ਲੈ ਕੇ ਇਸ ਦੇ ਨੰਬਰ ਦੇ ਆਧਾਰ ’ਤੇ ਕਾਰ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਲਾਕਾ ਐੱਸਐੱਚਓ ਬਲਵਿੰਦਰ ਕੌਰ ਮੁਤਾਬਕ ਦੁਰਘਟਨਾ ’ਚ ਪ੍ਰੇਮ ਦੀ ਮੌਤ ਹੋ ਗਈ, ਜੋ ਕਿ ਕੁਲਚੇ-ਛੋਲੇ ਵੇਚਣ ਦਾ ਕੰਮ ਕਰਦਾ ਸੀ ਉਨ੍ਹਾਂ ਦੱਸਿਆ ਕਿ ਕਾਰ ’ਚੋਂ ਬਰਾਮਦ ਦਸਤਾਵੇਜ਼ਾਂ ਦੇ ਆਧਾਰ ’ਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਬਾਕਸ– ਦੇਰ ਨਾਲ ਆਈ ਪੁਲਿਸ, ਲੋਕਾਂ ’ਚ ਰੋਸ ਦੁਰਘਟਨਾ ਮਗਰੋਂ ਰਾਹਗੀਰਾਂ ਵੱਲੋਂ ਤੁਰੰਤ ਇਲਾਕਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਕ ਜਾਣਕਾਰੀ ਮਿਲਣ ਦੇ ਬਾਵਜੂਦ ਪੁਲਿਸ ਨੇ ਮੌਕੇ ’ਤੇ ਪੁੱਜਣ ’ਚ ਕਰੀਬ ਇੱਕ ਘੰਟਾ ਲਗਾ ਦਿੱਤਾ, ਜਿਸ ਕਾਰਨ ਕਾਬੂ ਕੀਤਾ ਗਿਆ ਔਡੀ ਕਾਰ ਚਾਲਕ ਮੌਕੇ ਤੋਂ ਖਿਸਕਣ ’ਚ ਕਾਮਯਾਬ ਹੋ ਗਿਆ।

Related Articles

Leave a Reply

Your email address will not be published. Required fields are marked *

Back to top button