
ਪਾਤੜਾਂ, 2 ਅਗਸਤ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪਟਿਆਲਾ ਜ਼ਿਲ੍ਹੇ ਦਾ ਕਸਬਾ ਪਾਤੜਾਂ ਨੇੜੇ ਪੈਂਦੇ ਪਿੰਡ ਨਿਆਲ ਦੇ ਦੋ ਡਰਾਈਵਰਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਸੂ ਮੋਟੋ ਨੋਟਿਸ ਲੈਂਦਿਆਂ ਐੱਸਐੱਸਪੀ ਪਟਿਆਲਾ ਨੂੰ ਤਲਬ ਕੀਤਾ ਹੈ। ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦਾ ਕਸਬਾ ਪਾਤੜਾਂ ਨੇੜੇ ਪੈਂਦੇ ਪਿੰਡ ਨਿਆਲ ਦੇ ਦੋ ਡਰਾਈਵਰ ਵੱਲੋਂ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ ਗਈ ਸੀ, ਇਨ੍ਹਾਂ ’ਚੋਂ ਇਕ ਮ੍ਰਿਤਕ ਹਰਪ੍ਰੀਤ ਸਿੰਘ ਅਨੂਸੂਚਿਤ ਜਾਤੀ ਨਾਲ ਸਬੰਧਤ ਸੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੀਤੇ ਛੇ ਦਿਨਾਂ ਤੋਂ ਪਾਤੜਾਂ-ਪਟਿਆਲਾ ਮਾਰਗ ’ਤੇ ਧਰਨਾ ਲਗਾਇਆ ਗਿਆ ਹੈ। ਮਾਮਲੇ ’ਚ ਕਮਿਸ਼ਨ ਦੇ ਚੇਅਰਮੈਨ ਨੇ ਐੱਸਐੱਸਪੀ ਪਟਿਆਲਾ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ 5 ਅਗਸਤ, 2025 ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।



