ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲਿਆ ਨੋਟਿਸ, ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਦੇਣ ਦਾ ਦਿੱਤਾ ਸੀ ਹੁਕਮ

ਚੰਡੀਗੜ੍ਹ, 18 ਜਨਵਰੀ– ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਦੀ ਚੋਣ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਉਸ ਨੂੰ ਨੋਟਿਸ ਨਹੀਂ ਮਿਲਿਆ ਹੈ। ਉਸਦੇ ਪਰਿਵਾਰ ਵਾਲਿਆਂ ਨੇ ਵੀ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਰਾਹੀਂ ਵੀ ਨੋਟਿਸ ਨਹੀਂ ਮਿਲਿਆ ਹੈ। ਪਟੀਸ਼ਨਰ ਨੇ ਕਿਹਾ ਕਿ ਹੁਣ ਉਹ ਨੋਟਿਸ ਅਖ਼ਬਾਰ ’ਚ ਪ੍ਰਕਾਸ਼ਿਤ ਕਰਵਾਉਣਗੇ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ’ਚ ਹਾਈ ਕੋਰਟ ਨੂੰ ਦੱਸਿਆ ਕਿ ਉਸਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣਾਂ ਲੜੀਆਂ ਸਨ। ਇਸੇ ਸੀਟ ਤੋਂ ਐੱਨਐੱਸਏ ਤਹਿਤ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਵੀ ਉਮੀਦਵਾਰ ਸੀ। ਅੰਮ੍ਰਿਤਪਾਲ ਸਿੰਘ ਦੀ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਨਾਮਜ਼ਦਗੀ ਪੱਤਰ ’ਚ ਕਈ ਅਹਿਮ ਜਾਣਕਾਰੀਆਂ ਲੁਕੋਈਆਂ ਹਨ। ਇਸਦੇ ਨਾਲ ਹੀ ਉਸਨੇ ਚੋਣਾਂ ’ਤੇ ਆਏ ਖ਼ਰਚ ਦਾ ਵੀ ਵੇਰਵਾ ਨਹੀਂ ਦਿੱਤਾ ਹੈ। ਚੋਣ ਪ੍ਰਚਾਰ ਦੇ ਲਈ ਰੋਜ਼ਾਨਾ ਹੋਣ ਵਾਲੀਆਂ ਮੀਟਿੰਗਾਂ, ਵਾਹਨਾਂ ਤੇ ਚੋਣ ਸਮੱਗਰੀ ਦਾ ਵੀ ਉਸਨੇ ਵੇਰਵਾ ਨਹੀਂ ਦਿੱਤਾ ਹੈ। ਪ੍ਰਚਾਰ ਲਈ ਜੋ ਰਕਮ ਖਰਚ ਕੀਤੀ ਗਈ ਹੈ, ਉਹ ਕਿੱਥੋਂ ਆਈ ਹੈ, ਇਹ ਵੀ ਨਹੀਂ ਦੱਸਿਆ ਹੈ। ਇਸਦੇ ਨਾਲ ਹੀ ਉਸਨੇ ਚੋਣ ਪ੍ਰਚਾਰ ਲਈ ਧਾਰਮਿਕ ਸਥਾਨ ਦੀ ਵੀ ਵਰਤੋਂ ਕੀਤੀ ਹੈ, ਜੋ ਗ਼ਲਤ ਹੈ। ਸੋਸ਼ਲ ਮੀਡੀਆ ’ਤੇ ਜੋ ਪ੍ਰਚਾਰ ਕੀਤਾ ਗਿਆ ਹੈ, ਉਸਦਾ ਵੀ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਅਜਿਹੇ ’ਚ ਕਈ ਦੋਸ਼ ਲਾਉਂਦੇ ਹੋਏ ਲੋਕਨੁਮਾਇੰਦਗੀ ਐਕਟ ਦੇ ਤਹਿਤ ਅੰਮ੍ਰਿਤਪਾਲ ਦੀ ਚੋਣ ਰੱਦ ਕਰਨ ਦੀ ਹਦਾਇਤ ਜਾਰੀ ਕਰਨ ਦੀ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਹੈ।



