ਐਸ.ਐਸ.ਪੀ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਆਪਣੀ ਸਰਕਾਰ ਦੇ ਮਾੜੇ ਸਿਸਟਮ ਨੂੰ ਕਰਨਾ ਚਾਹੀਦਾ ਸੀ ਕਬੂਲ, ਵਿਧਾਇਕ ਦੇ ਅਹੁਦੇ ਤੋਂ ਦੇਣਾ ਚਾਹੀਦਾ ਸੀ ਅਸਤੀਫ਼ਾ- ਜ਼ੀਰਾ
ਐਸ.ਐਸ.ਪੀ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਆਪਣੀ ਸਰਕਾਰ ਦੇ ਮਾੜੇ ਸਿਸਟਮ ਨੂੰ ਕਰਨਾ ਚਾਹੀਦਾ ਸੀ ਕਬੂਲ, ਵਿਧਾਇਕ ਦੇ ਅਹੁਦੇ ਤੋਂ ਦੇਣਾ ਚਾਹੀਦਾ ਸੀ ਅਸਤੀਫ਼ਾ- ਜ਼ੀਰਾ

ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ, 3 ਮਾਰਚ- ਸਰਕਾਰ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਜੀਰਾ ਤੋਂ ਮੌਜੂਦਾ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਵੱਲੋਂ ਐੱਸ.ਐੱਸ.ਪੀ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੋਪਣਾ ਹਾਸੋਹੀਣੀ ਬਣ ਚੁੱਕਿਆ ਹੈ,ਜਿਸ ਦੀ ਲੋਕਾਂ ਵਿੱਚ ਖੂਬ ਚਰਚਾ ਹੈ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਰਦਿਆ ਕਿਹਾ ਕਿ ਹਲਕੇ ਦੇ ਲੋਕ ਅਜਿਹੇ ਹਾਲਾਤਾਂ ‘ਤੇ ਹੈਰਾਨ ਹਨ ਕਿ ਜਦ ਸੂਬੇ ਵਿੱਚ ਆਪਣੀ ਹੀ ਸਰਕਾਰ ਹੈ, ਤਾਂ ਵਿਧਾਇਕ ਨੂੰ ਆਪਣੇ ਹਲਕੇ ਵਿੱਚ ਵਧ ਰਹੀਆਂ ਲੁੱਟ-ਖੋਹ, ਹਮਲੇ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਸਐਸਪੀ ਤਕ ਪਹੁੰਚਣ ਦੀ ਲੋੜ ਕਿਉਂ ਪਈ? ਲੋਕਾਂ ਨੇ ਸਵਾਲ ਉਠਾਇਆ ਕਿ ਜੇਕਰ ਵਿਧਾਇਕ ਨੂੰ ਆਪਣੀ ਹੀ ਸਰਕਾਰ ਉੱਤੇ ਭਰੋਸਾ ਨਹੀਂ, ਤਾਂ ਸਧਾਰਨ ਲੋਕਾਂ ਨੂੰ ਕੀ ਉਮੀਦ ਹੋ ਸਕਦੀ ਹੈ? ਕਈ ਲੋਕਾਂ ਦਾ ਕਹਿਣਾ ਹੈ ਕਿ ਨਰੇਸ਼ ਕਟਾਰੀਆ ਨੇ ਆਪਣੇ ਹਲਕੇ ਵਿੱਚ ਵਧ ਰਹੇ ਅਪਰਾਧਾਂ ਨੂੰ ਮੰਨ ਲਿਆ ਹੈ, ਪਰ ਉਹਨਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਲੋਚਨਾ ਕੀਤੀ ਕਿ ਜੋ ਵਿਧਾਇਕ ਲੋਕਾਂ ਦੀ ਰੱਖਿਆ ਕਰਨ ਲਈ ਚੁਣਿਆ ਗਿਆ, ਉਹ ਹੁਣ ਆਪਣੀ ਹੀ ਸਰਕਾਰ ਵਿੱਚ ਅਪਰਾਧ ਰੋਕਣ ਲਈ ਮੰਗ ਪੱਤਰ ਦੇ ਰਿਹਾ ਹੈ, ਜੋ ਕਿ ਲਾਜ਼ਵੰਤ ਗੱਲ ਹੈ। ਇਸ ਮਾਮਲੇ ਨੇ ਸਿਆਸੀ ਪੱਖਾਂ ਵਿੱਚ ਵੀ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। ਲੋਕਾਂ ਨੇ ਪੁੱਛਿਆ ਹੈ ਕਿ ਜਦ ਹਲਕਾ ਨੁਮਾਇੰਦਾ ਹੀ ਆਪਣੇ ਅਧਿਕਾਰ ਅਤੇ ਫਰਜ਼ ਪੂਰੇ ਨਹੀਂ ਕਰ ਸਕਦਾ, ਤਾਂ ਸਰਕਾਰ ਤੋਂ ਲੋਕਾਂ ਨੂੰ ਕੀ ਉਮੀਦ ਹੋ ਸਕਦੀ ਹੈ?ਇਸ ਵਿਵਾਦਕ ਹਾਲਾਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।



