
ਬੈਂਗਲੁਰੂ, 10 ਫਰਵਰੀ– ਏਸ਼ੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ ਵਿਚੋਂ ਇਕ, ਏਅਰੋ ਇੰਡੀਆ 2025, ਅੱਜ ਸ਼ੁਰੂ ਹੋਇਆ। ਇਹ ਸ਼ੋਅ 10 ਫਰਵਰੀ ਤੋਂ 14 ਫਰਵਰੀ ਤੱਕ ਬੈਂਗਲੁਰੂ ਦੇ ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ ਚੱਲੇਗਾ। ਇਸ ਵਿਚ ਕਈ ਆਧੁਨਿਕ ਲੜਾਕੂ ਜਹਾਜ਼ ਅਤੇ ਡਰੋਨ ਤਕਨਾਲੋਜੀਆਂ ਦਿਖਾਈ ਦੇਣਗੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ ਦੇ 15ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਸ਼ੋਅ ਵਿਚ ਲਗਭਗ 30 ਦੇਸ਼ਾਂ ਦੇ ਰੱਖਿਆ ਮੰਤਰੀ ਜਾਂ ਪ੍ਰਤੀਨਿਧੀ ਅਤੇ 43 ਦੇਸ਼ਾਂ ਦੇ ਹਵਾਈ ਸੈਨਾ ਮੁਖੀ ਅਤੇ ਸਕੱਤਰ ਮੌਜੂਦ ਰਹਿਣਗੇ। ਸ਼ੋਅ ਦੇ ਪਹਿਲੇ 3 ਦਿਨ ਕਾਰੋਬਾਰੀ ਦਰਸ਼ਕਾਂ ਲਈ ਹੋਣਗੇ ਅਤੇ ਆਖਰੀ 2 ਦਿਨ ਆਮ ਲੋਕਾਂ ਲਈ ਹੋਣਗੇ। ਇਸ ਵਿਚ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਵੀ ਸ਼ਾਮਿਲ ਕੀਤੇ ਗਏ ਹਨ। ਅਮਰੀਕੀ ਹਵਾਈ ਸੈਨਾ ਨੇ ਆਪਣਾ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਐਫ਼-35 ਭੇਜਿਆ ਹੈ ਅਤੇ ਰੂਸ ਨੇ ਆਪਣਾ ਸੁਖੋਈ ਐਸ.ਯੂ.-57 ਏਅਰ ਸ਼ੋਅ ਵਿਚ ਪ੍ਰਦਰਸ਼ਨੀ ਲਈ ਭੇਜਿਆ ਹੈ।



