Punjab

ਏਮਜ਼ ਬਠਿੰਡਾ ਦੇ ਸੁਰੱਖਿਆ ਮੈਨੇਜਰ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਡੀਸੀ ਵੱਲੋਂ ਜਾਂਚ ਦੇ ਹੁਕਮ

ਬਠਿੰਡਾ, 15 ਸਤੰਬਰ : ਏਮਜ਼ ਬਠਿੰਡਾ ’ਚ ਪ੍ਰਾਈਵੇਟ ਸੁਰੱਖਿਆ ਏਜੰਸੀ ’ਚ ਪ੍ਰਚਲਿਤ ਭ੍ਰਿਸ਼ਟਾਚਾਰ ਤੇ ਮਹਿਲਾ ਸੁਰੱਖਿਆ ਕਰਮਚਾਰੀਆਂ ਦੇ ਸ਼ੋਸ਼ਣ ਸਬੰਧੀ ਰਾਜ ਦੇ ਸਿਹਤ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ’ਚ ਡੀਸੀ ਬਠਿੰਡਾ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸੇ ਮਾਮਲੇ ’ਚ ਡੀਸੀ ਬਠਿੰਡਾ ਨੇ ਏਮਜ਼ ਦੇ ਡਾਇਰੈਕਟਰ ਨੂੰ ਇਕ ਪੱਤਰ ਲਿਖ ਕੇ ਉਪਰੋਕਤ ਸ਼ਿਕਾਇਤ ਦੀ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਅਤੇ ਮਾਮਲੇ ’ਚ ਢੁੱਕਵੀਂ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਡੀਸੀ ਬਠਿੰਡਾ ਨੇ ਕਿਹਾ ਕਿ ਉਕਤ ਮਾਮਲਾ ਬਹੁਤ ਗੰਭੀਰ ਹੈ। ਇਸ ਦੀ ਜਾਂਚ ਕਰ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਇਸ ਮਾਮਲੇ ’ਚ ਸਮਾਜ ਸੇਵਕ ਗੁਰਵਿੰਦਰ ਸ਼ਰਮਾ ਨੇ ਵੀ ਪ੍ਰਸ਼ਾਸਨ ਤੇ ਏਮਜ਼ ਪ੍ਰਬੰਧਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਇਕ ਸੁਰੱਖਿਆ ਗਾਰਡ ਝਿਲਮਿਲ ਸਿੰਘ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਭੇਜੀ ਸ਼ਿਕਾਇਤ ’ਚ ਕਿਹਾ ਹੈ ਕਿ ਏਮਜ਼ ਬਠਿੰਡਾ ਦੇ ਮੁੱਖ ਸੁਰੱਖਿਆ ਪ੍ਰਬੰਧਕ ਮਨਜੀਤ ਸਿੰਘ ਏਮਜ਼ ’ਚ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰ ਕੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਉਹ ਤਾਇਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕਰ ਰਹੇ ਹਨ। ਕਈ ਲਿਖਤੀ ਸ਼ਿਕਾਇਤਾਂ ਤੇ ਠੋਸ ਸਬੂਤਾਂ ਦੇ ਬਾਵਜੂਦ ਇਹ ਚਿੰਤਾ ਦਾ ਵਿਸ਼ਾ ਹੈ ਕਿ ਏਮਜ਼ ਮੈਨੇਜਰ ਜਵਾਬਦੇਹੀ ਤੋਂ ਬਚ ਰਿਹਾ ਹੈ। ਮਨਜੀਤ ਵਿਰੁੱਧ ਭਾਰੀ ਸਬੂਤ ਹੋਣ ਦੇ ਬਾਵਜੂਦ ਏਮਜ਼ ਦੇ ਡਿਪਟੀ ਡਾਇਰੈਕਟਰ ਦੁਆਰਾ ਉਸ ਦਾ ਸਪੱਸ਼ਟ ਤੌਰ ‘ਤੇ ਸਮਰਥਨ ਕੀਤਾ ਜਾ ਰਿਹਾ ਹੈ। ਸ਼ਿਕਾਇਤ ’ਚ ਨਵੇਂ ਨਿਯੁਕਤ ਸੁਰੱਖਿਆ ਕਰਮਚਾਰੀਆਂ ਤੋਂ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਵੀ ਦੋਸ਼ ਹੈ। ਇਸ ਦੌਰਾਨ ਲਾਏ ਗਏ ਦੋਸ਼ ’ਚ ਕਿਹਾ ਗਿਆ ਕਿ ਪੰਜ ਮਹੀਨਿਆਂ ਅੰਦਰ 40 ਸਥਾਈ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਕੇ ਕਥਿਤ ਤੌਰ ‘ਤੇ ਉਨ੍ਹਾਂ ਦੀ ਜਗ੍ਹਾ ਆਪਣੇ ਹੀ ਆਦਮੀਆਂ ਨੂੰ ਨਿਯੁਕਤ ਕਰ ਕੇ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖ ਕੇ ਸੱਤਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜੋ ਲੋਕ ਸੁਰੱਖਿਆ ਕਰਮਚਾਰੀਆਂ ਦੀ ਨੌਕਰੀ ਪ੍ਰਾਪਤ ਕਰਨ ਲਈ ਰਿਸ਼ਵਤ ਦੇਣ ’ਚ ਅਸਮਰਥ ਸਨ, ਉਨ੍ਹਾਂ ਨੂੰ ਉਨ੍ਹਾਂ ਦੀ ਲਗਨ ਤੇ ਸੀਨੀਅਰਤਾ ਦੀ ਪਰਵਾਹ ਕੀਤੇ ਬਿਨਾਂ ਪਾਸੇ ਕਰ ਦਿੱਤਾ ਗਿਆ। ਸਮਾਜ ਸੇਵਕ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਏਮਜ਼ ਬਠਿੰਡਾ ’ਚ ਨਿੱਜੀ ਸੁਰੱਖਿਆ ਕਰਮਚਾਰੀਆਂ ਦੀ ਹਾਲਤ ਸ਼ੁਰੂ ਤੋਂ ਹੀ ਮਾੜੀ ਰਹੀ ਹੈ। ਉਨ੍ਹਾਂ ਇਹ ਮੁੱਦਾ ਕਈ ਵਾਰ ਚੁੱਕਿਆ ਹੈ, ਪਰ ਏਮਜ਼ ਹਸਪਤਾਲ ਪ੍ਰਬੰਧਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਹੁਣ ਤਾਜ਼ਾ ਮਾਮਲੇ ਵਿਚ ਏਮਜ਼ ਬਠਿੰਡਾ ਦੀ ਸੁਰੱਖਿਆ ਵਿਚ ਤਾਇਨਾਤ ਔਰਤਾਂ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ, ਜੋ ਮੁੱਖ ਮੰਤਰੀ ਦਫ਼ਤਰ ਤੇ ਮੰਤਰੀ ਦਫ਼ਤਰ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪੁਰਸ਼ ਸੁਰੱਖਿਆ ਕਰਮਚਾਰੀਆਂ ਨੂੰ ਭਾਰੀ ਰਿਸ਼ਵਤ ਲੈ ਕੇ ਨੌਕਰੀ ‘ਤੇ ਰੱਖਿਆ ਜਾਂਦਾ ਹੈ। ਇਹ ਸ਼ਿਕਾਇਤਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ, ਪਰ ਏਮਜ਼ ਹਸਪਤਾਲ ਪ੍ਰਬੰਧਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਪ੍ਰਸ਼ਾਸਨ ਤੇ ਏਮਜ਼ ਤੋਂ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button