Punjab

ਏਟੀਐੱਮ ਬਦਲਕੇ ਪੈਸੇ ਕਢਾਉਣ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਕਈ ਬੈਂਕਾਂ ਦੇ 184 ਏਟੀਐੱਮ ਕਾਰਡ ਬਰਾਮਦ

ਪਟਿਆਲਾ, 27 ਅਗਸਤ : ਧੋਖਾਧੜੀ ਨਾਲ ਲੋਕਾਂ ਦੇ ਏ.ਟੀ.ਐੇੱਮ ਬਦਲ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਤੇ ਅਜੇ ਵਾਸੀ ਕੁਰਕਸ਼ੇਤਰ, ਹਰਿਆਣਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਵੱਖ-ਵੱਖ ਬੈਕਾਂ ਦੇ 184 ਏਟੀਐੱਮ ਕਾਰਡ ਬਰਾਮਦ ਹੋਏ ਹਨ। ਇਨ੍ਹਾਂ ਨੇ ਏਟੀਐੱਮ ਕਾਰਡ ਬਦਲ ਕੇ ਕਈ ਲੋਕਾਂ ਨਾਲ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਕਿਹਾ ਕਿ ਡੀਐੱਸਪੀ ਰਾਜੇਸ਼ ਮਲਹੋਤਰਾ ਦੀ ਅਗਵਾਈ ਵਿਚ ਸੀਆਈਏ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਵਲੋਂ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਨ੍ਹਾਂ ਵਲੋਂ 150 ਵਾਰਦਾਤਾਂ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂ.ਪੀ ਤੇ ਦਿੱਲੀ ਆਦਿ ਥਾਵਾਂ ’ਤੇ ਭੋਲੇ ਭਾਲੇ ਵਿਅਕਤੀਆਂ ਦੇ ਏ.ਟੀ.ਐੱਮ ਕਾਰਡ ਬਦਲ ਕੇ ਪੈਸੇ ਕਢਾਉਣ ਦੀਆਂ ਵਾਰਦਾਤਾਂ ਬਾਰੇ ਦੱਸਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਵਿਅਕਤੀ ਏਟੀਐੱਮ ਮਸ਼ੀਨ ਦੇ ਬਾਹਰ ਖੜ੍ਹ ਕੇ ਰੇਕੀ ਕਰਦੇ ਸੀ। ਜਦੋਂ ਕੋਈ ਵਿਅਕਤੀ ਰੁਪਏ ਕਢਵਾਉਣ ਲਈ ਏਟੀਐਮ ਅੰਦਰ ਜਾਂਦਾ ਸੀ ਤਾਂ ਇਹ ਵਿਅਕਤੀ ਵੀ ਉਸ ਦੇ ਪਿੱਛੇ ਚਲੇ ਜਾਂਦੇ ਸੀ ਅਤੇ ਰੁਪਏ ਕਢਾਉਣ ਸਮੇਂ ਉਸ ਵਿਅਕਤੀ ਦਾ ਧੋਖਾਧੜੀ ਨਾਲ ਏਟੀਐੱਮ ਕਾਰਡ ਬਦਲ ਕੇ ਦੂਜਾ ਕਾਰਡ ਦੇ ਦਿੰਦੇ ਸੀ ਅਤੇ ਉਸ ਦਾ ਪਿੰਨ ਨੰਬਰ ਵੀ ਪਤਾ ਕਰ ਲੈਂਦੇ ਸੀ।ਇਹ ਦੋਵੇਂ ਜ਼ਿਆਦਾਤਰ ਬਜ਼ੁਰਗ ਤੇ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸੀ। ਮੁਲਜ਼ਮ ਪਿਛਲੇ ਕਰੀਬ ਦੋ ਸਾਲ ਤੋਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਮੁਲਜ਼ਮਾਂ ਨੂੰ ਪਟਿਆਲਾ ਦੀ ਛੋਟੀ ਨਦੀ ਬੰਨਾ ਰੋਡ ਤੋਂ ਗ੍ਰਿਫਤਾਰ ਕਰ ਕੇ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button