ਏਅਰਫੋਰਸ ਦੀ ਵਰਦੀ ਪਾ ਕੇ ਘੁੰਮ ਰਹੇ ਸ਼ੱਕੀ ਨੂੰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਕੋਰੀਅਰ ਕੰਪਨੀ ਤੋਂ ਕੀਤੀ ਸੀ ਵਰਦੀ ਚੋਰੀ

ਜ਼ੀਰਕਪੁਰ, 12 ਮਈ- ਐਤਵਾਰ ਦੁਪਹਿਰ ਕਰੀਬ 12:30 ਵਜੇ ਜ਼ੀਰਕਪੁਰ ਦੇ ਭਬਾਤ ਇਲਾਕੇ ਵਿੱਚ, ਸਥਾਨਕ ਲੋਕਾਂ ਨੇ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮਦੇ ਹੋਏ ਇਕ ਸ਼ੱਕੀ ਨੌਜਵਾਨ ਨੂੰ ਫੜ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਹਵਾਈ ਸੈਨਾ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨ ਤੋਂ ਪੁੱਛਗਿੱਛ ਕੀਤੀ। ਹਵਾਈ ਸੈਨਾ ਦੀ ਟੀਮ ਪੁਲਿਸ ਦੇ ਨਾਲ ਉਨ੍ਹਾਂ ਥਾਵਾਂ ‘ਤੇ ਵੀ ਗਈ, ਜਿੱਥੇ ਉਕਤ ਨੌਜਵਾਨ ਵਰਦੀ ਪਾ ਕੇ ਗਿਆ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁੱਛਗਿੱਛ ਦੌਰਾਨ ਨੌਜਵਾਨ ਦੀ ਪਛਾਣ ਸੁਖਪ੍ਰੀਤ ਸਿੰਘ ਵਜੋਂ ਹੋਈ, ਜੋ ਕਿ ਏਕੇਐੱਸ ਕਾਲੋਨੀ, ਜ਼ੀਰਕਪੁਰ ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿੱਚ ਜ਼ੀਰਕਪੁਰ ਪੁਲਿਸ ਨੇ ਸੁਖਪ੍ਰੀਤ ਦੇ ਦੋਸਤ ਸੂਰਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਕ ਘੰਟੇ ਤੋਂ ਗਰਾਊਂਡ ਵਿੱਚ ਘੁੰਮ ਰਿਹਾ ਸੀ ਨੌਜਵਾਨ
ਦੀਪਕ ਕੁਮਾਰ, ਜਿਸਨੇ ਲੋਕਾਂ ਦੀ ਮਦਦ ਨਾਲ ਹਵਾਈ ਸੈਨਾ ਦੀ ਵਰਦੀ ਪਾ ਕੇ ਘੁੰਮ ਰਹੇ ਨੌਜਵਾਨ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ, ਨੇ ਦੱਸਿਆ ਕਿ ਉਕਤ ਨੌਜਵਾਨ ਹਵਾਈ ਸੈਨਾ ਦੀ ਵਰਦੀ ਪਾ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ ਅਤੇ ਭਬਾਤ ਰੋਡ ‘ਤੇ ਇਕ ਖਾਲੀ ਮੈਦਾਨ ਵਿੱਚ ਖੜ੍ਹੇ ਇਕ ਆਟੋ ਰਿਕਸ਼ਾ ਵਿੱਚ ਬੈਠਾ ਸੀ। ਉਹ ਪਿਛਲੇ ਇਕ ਘੰਟੇ ਤੋਂ ਉੱਥੇ ਘੁੰਮ ਰਿਹਾ ਸੀ, ਜਿਸ ਕਾਰਨ ਸ਼ੱਕ ਪੈਦਾ ਹੋਇਆ ਅਤੇ ਲੋਕਾਂ ਦੀ ਮਦਦ ਨਾਲ ਉਸਨੂੰ ਫੜ ਲਿਆ ਗਿਆ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਨੂੰ ਵਰਦੀ ਸੜਕ ‘ਤੇ ਪਈ ਮਿਲੀ। ਜਿਸ ਜਗ੍ਹਾ ਤੋਂ ਨੌਜਵਾਨ ਨੂੰ ਫੜਿਆ ਗਿਆ ਸੀ, ਉਹ ਏਅਰ ਫੋਰਸ ਸਟੇਸ਼ਨ ਦੀ ਕੰਧ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਹੈ। ਅਜਿਹੀ ਸਥਿਤੀ ਵਿੱਚ, ਜ਼ੀਰਕਪੁਰ ਪੁਲਿਸ ਅਤੇ ਹਵਾਈ ਸੈਨਾ ਦੀ ਟੀਮ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੂੰ ਆਪਣੀ ਵਰਦੀ ਤੇ ਹਵਾਈ ਸੈਨਾ ਦੇ ਬੈਜ ਕਿੱਥੋਂ ਮਿਲੇ ਅਤੇ ਇਹ ਉਸ ਨੂੰ ਕਿਸ ਨੇ ਦਿੱਤੇ।
ਕੋਰੀਅਰ ਕੰਪਨੀ ਦੇ ਦਫ਼ਤਰ ਤੋਂ ਵਰਦੀ ਚੋਰੀ ਹੋ ਗਈ ਸੀ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਨੇ ਆਪਣੇ ਦੋਸਤ ਸੂਰਜ ਨਾਲ ਮਿਲ ਕੇ 5 ਮਈ ਨੂੰ ਇਕ ਕੋਰੀਅਰ ਕੰਪਨੀ ਦੇ ਦਫ਼ਤਰ ਤੋਂ ਵਰਦੀ ਚੋਰੀ ਕੀਤੀ ਸੀ। ਇਹ ਵਰਦੀ ਚੰਡੀਗੜ੍ਹ ਬਹਿਲਾਣਾ ਦੇ ਇਕ ਮਸ਼ਹੂਰ ਦਰਜ਼ੀ ਦੁਆਰਾ ਸਿਲਾਈ ਗਈ ਸੀ ਅਤੇ ਗੁਜਰਾਤ ਦੇ ਇਕ ਵਰਕਰ ਨੂੰ ਕੋਰੀਅਰ ਕੀਤੀ ਗਈ ਸੀ ਪਰ ਕੋਰੀਅਰ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ, ਦੋਵਾਂ ਨੇ ਕੋਰੀਅਰ ਚੋਰੀ ਕਰ ਲਿਆ।”ਜ਼ੀਰਕਪੁਰ ਦੇ ਭਬਾਤ ਇਲਾਕੇ ਵਿੱਚ ਹਵਾਈ ਸੈਨਾ ਦੀ ਵਰਦੀ ਪਾ ਕੇ ਘੁੰਮ ਰਹੇ ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸੇ ਮਾਮਲੇ ਵਿੱਚ ਉਸ ਦੇ ਸਾਥੀ ਸੂਰਜ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਖਪ੍ਰੀਤ ਨੇ ਕੋਰੀਅਰ ਕੰਪਨੀ ਤੋਂ ਇਕ ਕੋਰੀਅਰ ਚੋਰੀ ਕੀਤਾ ਸੀ, ਜਿਸ ਵਿੱਚ ਇਕ ਵਰਦੀ ਸੀ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।”



