
ਸ੍ਰੀ ਮੁਕਤਸਰ ਸਾਹਿਬ, 12 ਮਈ- ਸ੍ਰੀ ਮੁਕਤਸਰ ਸਾਹਿਬ ਦੇ ਨਾਕਾ ਨੰਬਰ ਛੇ ‘ਤੇ ਸਥਿਤ ਮੁਹੱਲਾ ਉੱਚਾ ਵੇਹੜਾ ’ਚ ਇੱਕ ਘਰ ਦੇ ਸੀਵਰੇਜ ਮੇਨ ਹੋਲ ਦੀ ਸਫਾਈ ਕਰਦਿਆਂ ਜ਼ਹਿਰੀਲੀ ਗੈਸ ਚੜਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਓਧਰ ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਘਟਨਾ ਐਤਵਾਰ ਦੇਰ ਸ਼ਾਮ ਵਾਪਰੀ। ਮ੍ਰਿਤਕ ਦੀ ਪਛਾਣ ਹਨੀ (32) ਵਜੋਂ ਹੋਈ ਹੈ ਜੋ ਕਿ ਤਿਲਕ ਨਗਰ ਦਾ ਰਹਿਣ ਵਾਲਾ ਹੈ ਜਦਕਿ ਸਾਥੀ ਦੀ ਪਛਾਣ ਕ੍ਰਿਸ਼ਨ ਕੁਮਾਰ ਤੇ ਇੱਕ ਹੋਰ ਦੀ ਬਲਵਿੰਦਰ ਸਿੰਘ ਵਜੋਂ ਹੋਈ ਹੈ।



