Punjab

ਈਟੀਟੀ ਅਧਿਆਪਕਾਂ ਦੀ ਬਦਲੀ ਨੂੰ ਲੈ ਕੇ ਡੀਈਓ ਮੋਗਾ ਦਾ ਘਿਰਾਓ

ਮੋਗਾ, 21 ਸਤੰਬਰ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੇ ਬਾਵਜੂਦ ਮੋਗਾ ਜਿਲ੍ਹੇ ਵਿਚ ਈਟੀਟੀ ਅਧਿਆਪਕਾਂ ਦੀ ਬਦਲੀ ਲਾਗੂ ਨਾ ਹੋਣ ਦੇ ਰੋਸ ਵਜੋਂ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਦੀ ਸਾਂਝੀ ਅਗਵਾਈ ਵਿਚ ਸੈਕੜੇ ਅਧਿਆਪਕਾਂ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਐਲੀ:) ਮੋਗਾ ਦੇ ਦਫ਼ਤਰ ਦਾ ਤਿੰਨ ਘੰਟੇ ਜਬਰਦਸਤ ਘਿਰਾਓ ਕੀਤਾ। ਅਧਿਆਪਕਾਂ ਦੇ ਰੋਹ ਭਰਪੂਰ ਸੰਘਰਸ਼ ਨੂੰ ਦੇਖਿਦਆਂ ਮੋਗਾ ਜਿਲ੍ਹੇ ਦੇ ਈਟੀਟੀ ਅਧਿਆਪਕਾਂ ਦੀ ਬਦਲੀ ਦੇ ਆਰਡਰ ਲਾਗੂ ਕਰਨ ਦਾ ਪਿੱਠ ਅੰਕਣ ਪੱਤਰ ਮੌਕੇ ‘ਤੇ ਜਾਰੀ ਕਰਵਾਕੇ ਸਬੰਧਤ ਜਿਲ੍ਹਿਆਂ ਤੱਕ ਈਮੇਲ ਕਰ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਡੀਟੀਐੱਫ ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਬਾਕੀ ਜਿਲ੍ਹਿਆਂ ਵਿਚ ਹੋਈਆਂ ਅੰਤਰ ਜਿਲ੍ਹਾ ਬਦਲੀਆਂ ਲਾਗੂ ਹੋਣ ਤੋਂ ਬਾਅਦ ਈਟੀਟੀ ਅਧਿਆਪਕ ਹਾਜਰ ਹੋ ਚੁੱਕੇ ਸਨ। ਪ੍ਰੰਤੂ ਮੋਗਾ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵੱਲੋਂ ਇਨ੍ਹਾਂ ਬਦਲੀਆਂ ਨੂੰ ਜਿਲ੍ਹੇ ਵਿਚ ਲਾਗੂ ਕਰਨ ਤੋਂ ਪੋਸਟਾਂ ਦੀ ਪ੍ਰਵਾਨਗੀ ਨਾ ਹੋਣ ਦੇ ਹਵਾਲੇ ਨਾਲ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਸੀ। ਜਦ ਕਿ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਦੇ ਮੋਹਾਲੀ ਦਫਤਰ ਵੱਲੋਂ ਬਾਰ-ਬਾਰ ਜਿਲ੍ਹਾ ਸਿੱਖਿਆ ਅਫਸਰ ਮੋਗਾ ਨੂੰ ਸਾਰੇ ਈਟੀਟੀ ਅਧਿਆਪਕਾਂ ਨੂੰ ਜੁਆਇਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਬਾਅਦ ਵਿਚ ਪੋਸਟਾਂ ਦੀ ਐਲੋਕੇਸ਼ਨ ਕਰਨ ਦੀ ਗੱਲ ਆਖੀ ਜਾ ਰਹੀ ਸੀ। ਜਿਲ੍ਹਾ ਸਿੱਖਿਆ ਅਫ਼ਸਰ ਦੇ ਇਸ ਅੜੀਅਲ ਰਵੱਈਏ ਦੇ ਰੋਸ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਅਤੇ ਈਟੀਟੀ ਅਧਿਆਪਕ ਯੂਨੀਅਨ ਦੇ ਸੱਦੇ ‘ਤੇ ਮੋਗੇ ਜਿਲ੍ਹੇ ਦੇ ਨਾਲ ਨਾਲ ਗੁਆਂਢੀ ਜਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਖਿਰ ਅਧਿਆਪਕਾਂ ਦੇ ਸੰਘਰਸ਼ ਦੀ ਜਿੱਤ ਹੋਈ ਅਤੇ ਦੇਰ ਸ਼ਾਮ ਨੂੰ ਦਫ਼ਤਰ ਵੱਲੋਂ ਲੁੜੀਂਦੇ ਆਰਡਰ ਜਾਰੀ ਕਰ ਦਿੱਤੇ ਗਏ। ਇਸ ਮੌਕੇ ਭਰਾਤਰੀ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਤੋਂ ਮੰਗਾਂ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਤੋਂ ਯੂਥ ਵਿੰਗ ਦੇ ਕਨਵੀਨਰ ਤਿਰਥਵਿੰਦਰ ਸਿੰਘ ਘਲ ਕਲਾਂ, ਮਾਸਟਰ ਕਾਡਰ ਯੂਨੀਅਨ ਤੋਂ ਬਲਜਿੰਦਰ ਸਿੰਘ ਧਾਲੀਵਾਲ ਅਤੇ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਗੁਰਪ੍ਰੀਤ ਮੋਗਾ ਸਮੁੱਚੇ ਸੰਘਰਸ਼ ਦੌਰਾਨ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ। ਇਸ ਮੌਕੇ ਈਟੀਟੀ ਟੀਚਰ ਯੂਨੀਅਨ ਤੋਂ ਸੁਮਿਤ ਕੰਬੋਜ਼, ਮੋਗਾ ਦੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ, ਅਮਿਤ ਕੁਮਾਰ, ਬੇਅੰਤ ਸਿੰਘ, ਪ੍ਰਦੀਪ ਕੁਮਾਰ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਹਰਦੀਪ ਸਿੰਘ, ਡੀਟੀਐੱਫ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਸੰਦੀਪ ਸਿੰਘ ਮਖੂ, ਨਵਗੀਤ ਸਿੰਘ ਜਗਰਾਉਂ, ਗੁਰਵਿੰਦਰ ਸਿੰਘ ਖੋਸਾ ਅਤੇ ਭਾਰਤ ਭੁਸਣ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button