
ਬਾਲ ਕਿਸ਼ਨ
ਫ਼ਿਰੋਜ਼ਪੁਰ, 29 ਜੂਨ : ਇੰਟਰਨੈਸ਼ਨਲ ਸਰਵ ਕੰਬੋਜ਼ ਮਹਾਂਸਭਾ (ਇੰਪਲਾਈਜ ਵਿੰਗ) ਦੇ ਸੂਬਾਈ ਅਤੇ ਰਾਸ਼ਟਰੀ ਆਗੂਆਂ ਨੇ ਇੱਕਜੁੱਟ ਹੋ ਕੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਗੋਲਡੀ ਕੰਬੋਜ਼ ਐੱਮਐੱਲਏ ਵਿਧਾਨ ਸਭਾ ਹਲਕਾ ਜਲਾਲਾਬਾਦ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕਰਦਿਆਂ ਪੰਜਾਬ ਦਾ ਕੈਬਨਿਟ ਮੰਤਰੀ ਬਣਾਇਆ ਜਾਵੇ। ਇਸ ਸਬੰਧੀ ਆਪਣਾ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਸਰਵ ਕੰਬੋਜ਼ ਮਹਾਂਸਭਾ (ਇੰਪਲਾਈਜ ਵਿੰਗ) ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਸਿੰਘ ਹਾਂਡਾ, ਰਾਸ਼ਟਰੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ਼, ਰਾਸ਼ਟਰੀ ਉੱਪ ਪ੍ਰਧਾਨ ਕ੍ਰਾਂਤੀ ਕੰਬੋਜ਼, ਸੂਬਾਈ ਪ੍ਰਧਾਨ ਸੁਭਾਸ਼ ਥਿੰਦ ਮੋਹਾਲੀ, ਸੂਬਾਈ ਆਗੂਆਂ ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਮਨੋਹਰ ਲਾਲ, ਲੈਕਚਰਾਰ ਜਸਵਿੰਦਰ ਸਿੰਘ ਜੀਵਾਂਅਰਾਈਂ, ਡਾਕਟਰ ਹਰੀਸ਼ ਥਿੰਦ, ਮਾਸਟਰ ਸਤੀਸ਼ ਕੰਬੋਜ, ਮਾਸਟਰ ਅਮਿਤ ਕੰਬੋਜ਼, ਰਾਜ ਕੁਮਾਰ ਮਹਿਰੋਕ, ਜਗਸੀਰ ਬਹਾਦਰ ਕੇ, ਸੰਦੀਪ ਕੰਬੋਜ ਗੋਲੂਕਾ, ਲੈਕਚਰਾਰ ਰਾਜਿੰਦਰ ਕੰਬੋਜ ਅਬੋਹਰ, ਹੈੱਡ ਮਾਸਟਰ ਜੋਗਿੰਦਰ ਪਾਲ ਕੰਬੋਜ, ਮਾਸਟਰ ਬਿਸ਼ੰਬਰ ਸਾਮਾ, ਜਗਮੋਹਨ ਥਿੰਦ ਕਪੂਰਥਲਾ, ਜਸਵੰਤ ਸੇਖੜਾ, ਵਰਿੰਦਰ ਸੁਨਾਮ, ਹਰਵੇਲ ਸੁਨਾਮ, ਲੈਕਚਰਾਰ ਮਲਕੀਤ ਜੋਸਨ, ਅਸ਼ੋਕ ਮੋਤੀਵਾਲ, ਦੀਪਕ ਕੰਬੋਜ, ਅਮਰਜੀਤ ਕੰਬੋਜ, ਅਮਰੀਕ ਸਿੰਘ ਅਤੇ ਸੁਰਜੀਤ ਮਾਨਸਾ ਆਦਿ ਨੇ ਕਿਹਾ ਕਿ ਕੰਬੋਜ਼ ਭਾਈਚਾਰਾ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਵੱਸਿਆ ਹੋਇਆ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਕੈਬਨਿਟ ਵਿੱਚ ਪੰਜਾਬ ਦੇ ਕੰਬੋਜ਼ ਭਾਈਚਾਰੇ ਦਾ ਇੱਕ ਵੀ ਪ੍ਰਤੀਨਿੱਧ ਨਹੀਂ ਹੈ। ਇੰਟਰਨੈਸ਼ਨਲ ਸਰਵ ਕੰਬੋਜ਼ ਮਹਾਂਸਭਾ ਦੇ ਉਪਰੋਕਤ ਆਗੂਆਂ ਨੇ ਆਪਣਾ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਕੈਬਨਿਟ ਵਿੱਚ ਕੰਬੋਜ਼ ਭਾਈਚਾਰੇ ਦਾ ਇੱਕ ਵੀ ਪ੍ਰਤੀਨਿੱਧ ਨਾ ਹੋਣ ਕਾਰਨ ਪੰਜਾਬ ਦੇ ਕੰਬੋਜ਼ ਭਾਈਚਾਰੇ ਨੂੰ ਆਪਣੀਆਂ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਬੋਜ਼ ਭਾਈਚਾਰੇ ਦੇ ਉਪਰੋਕਤ ਆਗੂਆਂ ਨੇ ਕਿਹਾ ਕਿ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਪੰਜਾਬ ਵਿੱਚ ਜਿੱਥੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਲੋਕਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ, ਉੱਥੇ ਨਾਲ ਹੀ ਉਹ ਪੰਜਾਬ ਸਰਕਾਰ ਵਿੱਚ ਪੰਜਾਬ ਦੇ ਕੰਬੋਜ਼ ਭਾਈਚਾਰੇ ਦੀ ਵੀ ਪ੍ਰਤੀਨਿੱਧਤਾ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਜੇਕਰ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਕੈਬਨਿਟ ਵਿੱਚ ਪੰਜਾਬ ਦੇ ਕੰਬੋਜ਼ ਭਾਈਚਾਰੇ ਨੂੰ ਵੀ ਉਚਿਤ ਪ੍ਰਤੀਨਿੱਧਤਾ ਮਿਲ ਜਾਵੇਗੀ, ਜਿਸ ਨਾਲ ਪੰਜਾਬ ਦੇ ਕੰਬੋਜ਼ ਭਾਈਚਾਰੇ ਦੇ ਲੋਕਾਂ ਨੂੰ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਵਾਉਣਾ ਬਹੁਤ ਆਸਾਨ ਹੋ ਜਾਵੇਗਾ।



