Punjab

4 ਸਾਲ ’ਚ ਜ਼ਿਲ੍ਹੇ ਅੰਦਰ ਟਰੈਵਲ ਏਜੰਟ ਖਿਲਾਫ਼ 108 ਕੇਸ ਦਰਜ, 30 ਕੇਸ ਜਾਂਚ ਦੌਰਾਨ ਪੁਲਿਸ ਨੇ ਕੀਤੇ ਰੱਦ

ਬਠਿੰਡਾ, 29 ਜੂਨ : ਡਾਲਰਾਂ ਦੀ ਚਮਕ ਦਮਕ ਅਤੇ ਜਲਦੀ ਅਮੀਰ ਹੋਣ ਦੀ ਲਾਲਸਾ ਕਾਰਨ ਸੂਬੇ ਦੇ ਲੋਕਾਂ ਵਿਚ ਵਿਦੇਸ਼ ਜਾਣ ਦਾ ਰੁਝਾਣ ਕਾਫੀ ਰਿਹਾ। ਵਿਦੇਸ਼ਾਂ ਵਿਚ ਜਾਣ ਲਈ ਲੋਕ ਔਖੇ ਤੋਂ ਔਖੇ ਰਾਹਾਂ ਵਿੱਚੋਂ ਲੰਘਣ ਲਈ ਵੀ ਤਿਆਰ ਹਨ। ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਵਿੱਚ ਕਈ ਲੋਕ ਟਰੈਵਲ ਏਜੰਟਾਂ ਦੀਆਂ ਵੱਡੀਆਂ ਠੱਗੀਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਭਾਵੇਂ ਪੰਜਾਬ ਪੁਲਿਸ ਟਰੈਵਲ ਏਜੰਟਾਂ ਖਿਲਾਫ਼ ਕੇਸ ਤਾਂ ਦਰਜ ਕਰਦੀ ਹੈ ਪਰ ਅਦਾਲਤਾਂ ਵਿਚ ਜਾ ਕੇ ਇਹ ਕੇਸ ਦਮ ਤੋੜ ਜਾਂਦੇ ਹਨ। ਬਠਿੰਡਾ ਜ਼ਿਲ੍ਹੇ ਅੰਦਰ ਪਿਛਲੇ ਚਾਰ ਸਾਲ ਦੋ ਮਹੀਨਿਆਂ ਦੌਰਾਨ 108 ਟਰੈਵਲ ਏਜੰਟਾਂ ਖਿਲਾਫ ਪੁਲਿਸ ਨੇ ਕੇਸ ਦਰਜ ਕੀਤੇ ਹਨ ਪਰ ਅਜੇ ਤਕ ਅਦਾਲਤਾਂ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੋਈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੁਲਿਸ ਨੇ ਟਰੈਵਲ ਏਜੰਟਾਂ ਖਿਲਾਫ ਦਰਜ ਕੁੱਲ੍ਹ 108 ਕੇਸਾਂ ਵਿੱਚੋਂ ਜਾਂਚ ਦੌਰਾਨ 30 ਕੇਸਾਂ ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ 10 ਕੇਸਾਂ ਦੀ ਅਜੇ ਵੀ ਪੜਤਾਲ ਚੱਲ ਰਹੀ ਹੈ। ਜ਼ਿਲ੍ਹੇ ਅੰਦਰ ਸਭ ਤੋਂ ਵੱਧ ਟਰੈਵਲ ਏਜੰਟਾਂ ਖਿਲਾਫ਼ 37 ਕੇਸ ਥਾਣਾ ਸਿਵਲ ਲਾਈਨ ਵਿੱਚ ਦਰਜ ਹੋਏ ਹਨ ਜਦੋਂ ਕਿ ਦੂਜੇ ਨੰਬਰ ਤੇ ਥਾਣਾ ਕੈਨਾਲ ਕਲੋਨੀ ਅਤੇ ਥਾਣਾ ਦਿਆਲਪੁਰਾ ਵਿੱਚ ਟਰੈਵਲ ਏਜੰਟਾਂ ਖਿਲਾਫ 11,11 ਕੇਸ ਦਰਜ ਹੋਏ ਹਨ। ਜ਼ਿਲ੍ਹੇ ਦਾ ਤਲਵੰਡੀ ਸਾਬੋ ਅਜਿਹਾ ਥਾਣਾ ਹੈ ਜਿੱਥੇ ਚਾਰ ਸਾਲਾਂ ਵਿਚ ਟਰੈਵਲ ਏਜੰਟਾਂ ਖਿਲਾਫ ਅੱਠ ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ ਜਾਂਚ ਦੌਰਾਨ ਪੁਲਿਸ ਨੇ ਸੱਤ ਕੇਸਾਂ ਨੂੰ ਰੱਦ ਕਰ ਦਿੱਤਾ। ਜ਼ਿਲ੍ਹੇ ਅੰਦਰ ਥਾਣਾ ਬਾਲਿਆਂਵਾਲੀ ਅਤੇ ਥਾਣਾ ਸਿਟੀ ਰਾਮਪੁਰਾ ਵਿੱਚ ਵੀ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਇਕ ਇਕ ਕੇਸ ਦਰਜ ਕੀਤਾ ਗਿਆ ਸੀ, ਪਰ ਪੜਤਾਲ ਦੌਰਾਨ ਇਹ ਧੋਖਾਧੜੀ ਦੇ ਦੋਵੇਂ ਕੇਸ ਰੱਦ ਕਰ ਦਿੱਤੇ ਗਏ। ਜ਼ਿਲ੍ਹੇ ਅੰਦਰ ਦਰਜ ਹੋਏ 108 ਕੇਸਾਂ ਵਿੱਚੋਂ 51 ਕੇਸ ਅਦਾਲਤ ਵਿੱਚ ਸੁਣਵਾਈ ਅਧੀਨ ਹਨ ਪਰ ਅਜੇ ਤਕ ਕਿਸੇ ਵੀ ਟਰੈਵਲ ਏਜੰਟ ਨੂੰ ਇਨ੍ਹਾਂ ਧੋਖਾਧੜੀ ਦੇ ਮਾਮਲਿਆਂ ਵਿੱਚ ਸਜ਼ਾ ਨਹੀਂ ਹੋਈ। ਜ਼ਿਲ੍ਹਾ ਪੁਲਿਸ ਨੇ ਟਰੈਵਲ ਏਜੰਟਾਂ ਖਿਲਾਫ ਦਰਜ ਕੁੱਲ ਮਾਮਲਿਆਂ ਵਿੱਚੋਂ ਜਾਂਚ ਦੌਰਾਨ 30 ਕੇਸ ਰੱਦ ਕਰ ਦਿੱਤੇ ਹਨ ਜਦੋਂ ਕਿ 6 ਕੇਸ ਅਜੇ ਵੀ ਅਨਟਰੇਸ ਹਨ।

Related Articles

Leave a Reply

Your email address will not be published. Required fields are marked *

Back to top button