Punjab

ਇਮੀਗ੍ਰੇਸ਼ਨ ਮਾਲਕ ਕੋਲੋਂ 1 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਗ੍ਰਿਫ਼ਤਾਰ

ਫ਼ਿਰੋਜ਼ਪੁਰ, 5 ਅਪ੍ਰੈਲ- ਫ਼ਿਰੋਜ਼ਪੁਰ ਦੇ ਇਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਕੋਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਤੂੜੀ ਬਾਜ਼ਾਰ ਫਿਰੋਜ਼ਪੁਰ ਸ਼ਹਿਰ ’ਚ ਕੂਚਾ ਦਿਲਸੁਖ ਰਾਏ ਵਾਸੀ ਆਸ਼ੀਸ਼ ਸ਼ਰਮਾ ਨੂੰ ਅਣਪਛਾਤਿਆਂ ਨੇ ਕਾਲ ਕਰ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੁਲਜ਼ਮਾਂ ਵੱਲੋਂ ਫਿਰੌਤੀ ਨਾ ਦੇਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਸ਼ਿਕਾਇਤ ਮਿਲਦਿਆਂ ਹੀ ਫੋਰਨ ਹਰਕਤ ’ਚ ਆਈ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀਆਂ 24 ਘੰਟਿਆਂ ਅੰਦਰ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਆਸ਼ੀਸ਼ ਨੂੰ ਇਕ ਕਾਲ ਆਈ ਸੀ ਕਿ ਮੈਂ ਗੈਂਗਸਟਰ ਬੋਲ ਰਿਹਾ ਹਾਂ ਅਤੇ ਮੈਨੂੰ ਇਕ ਕਰੋੜ ਰੁਪਏ ਰੰਗਦਾਰੀ ਦੇ ਦਿਓ ਅਤੇ ਜੇਕਰ ਨਾ ਦਿੱਤੀ ਤਾਂ ਅਸੀਂ ਤੈਨੂੰ ਜਾਣੋ ਮਾਰ ਦਿਆਂਗੇ। ਇਸ ਸਬੰਧੀ ਆਸ਼ੀਸ਼ ਸ਼ਰਮਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਫਿਰੋਜ਼ਪੁਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਸੀਆਈਏ ਇੰਚਾਰਜ ਮੋਹਿਤ ਧਵਨ ਵੱਲੋ ਆਪਣੀ ਟੀਮ ਤੇ ਟੈਕਨੀਕਲ ਸਰੋਤਾਂ ਦੀ ਮਦਦ ਨਾਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਚਮਕੌਰ ਸਿੰਘ (27) ਪੁੱਤਰ ਹਰਜਿੰਦਰ ਸਿੰਘ ਵਾਸੀ ਭਾਨ ਸਿੰਘ ਕਾਲੋਨੀ ਫ਼ਰੀਦਕੋਟ, ਕਰਨਦੀਪ ਸ਼ਰਮਾ (22) ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਟੀਬਰ ਜ਼ਿਲਾ ਗੁਰਦਾਸਪੁਰ ਤੇ ਪਲਵਿੰਦਰ ਸਿੰਘ (24) ਪੁੱਤਰ ਗੁਰਚਰਨ ਸਿੰਘ ਵਾਸੀ ਨੇੜੇ ਪੈਟਰੋਲ ਪੰਪ ਬਸਤੀ ਭੱਟੀਆਂ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਨੇ ਵਾਰਦਾਤ ’ਚ ਵਰਤੇ ਗਏ ਮੋਬਾਈਲ ਤੇ ਇਕ ਬ੍ਰੀਜ਼ਾ ਗੱਡੀ ਅਤੇ ਇਕ ਡੰਮੀ ਪਿਸਟਲ ਵੀ ਬਰਾਮਦ ਕੀਤਾ ਹੈ। ਐੱਸਐੱਸਪੀ ਮੁਤਾਬਕ ਫ਼ਰੀਦਕੋਟ ਵਿਖੇ ਇਨ੍ਹਾਂ ਮੁਲਜ਼ਮਾਂ ਵੱਲੋ ਇਹ ਡੰਮੀ ਪਿਸਟਲ ਵਿਖਾ ਕੇ ਇਕ ਰਾਹਗੀਰ ਕੋਲੋਂ ਮੋਬਾਈਲ ਸਨੇਚ ਕੀਤਾ ਗਿਆ ਸੀ, ਜਿਸ ਸਬੰਧੀ ਫ਼ਰੀਦਕੋਟ ਵਿਖੇ ਪਰਚਾ ਵੀ ਦਰਜ ਹੈ। ਉਸੇ ਫੋਨ ਤੋਂ ਹੀ ਇਨ੍ਹਾਂ ਮੁਲਜ਼ਮਾਂ ਨੇ ਫ਼ਰੀਦਕੋਟ ਤੇ ਫਿਰੋਜ਼ਪੁਰ ਦੇ ਵਪਾਰੀਆਂ ਨੂੰ ਫੋਨ ਕਾਲਾਂ ਕੀਤੀਆਂ ਅਤੇ ਫਿਰੌਤੀ ਦੀ ਮੰਗ ਕੀਤੀ ਸੀ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button