
ਲੁਧਿਆਣਾ, 5 ਅਪਰੈਲ- ਲੁਧਿਆਣਾ ਸੂਬੇ ’ਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਲੁਧਿਆਣਾ ਦੀ ਪੁਲਿਸ ਨੇ 1 ਮਾਰਚ ਤੋਂ ਲੈ ਕੇ 3 ਅਪ੍ਰੈਲ ਤੱਕ 171 ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਐੱਨਡੀਪੀਐੱਸ ਐਕਟ ਤਹਿਤ 114 ਕੇਸ ਦਰਜ ਕੀਤੇ। ਲੁਧਿਆਣਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਿਊਨਿਟੀ ਅਫੇਅਰਜ਼ ਡਵੀਜ਼ਨ ਤੇ ਮਹਿਲਾ ਮਾਮਲੇ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ, ਡੀਸੀਪੀ ਰੁਪਿੰਦਰ ਸਿੰਘ ਤੇ ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਬਹੁਪੱਖੀ ਪਹੁੰਚ ਅਪਣਾ ਕੇ ਨਸ਼ਿਆਂ ਤੇ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਆਖਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲਾਗੂ ਕਰਨ, ਰੋਕਥਾਮ, ਜਾਗਰੂਕਤਾ, ਸਿੱਖਿਆ ਤੇ ਪੁਨਰਵਾਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਨਸ਼ੇ ਦੇ ਸੇਵਨ ਨੂੰ ਰੋਕਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ 114 ਮੁਕੱਦਮੇ ਦਰਜ ਕਰ ਕੇ 171 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ। 34 ਦਿਨਾਂ ’ਚ ਪੁਲਿਸ ਨੇ 4 ਕਿੱਲੋ 313 ਗ੍ਰਾਮ ਹੈਰੋਇਨ, 5 ਕਿੱਲੋ 800 ਗ੍ਰਾਮ ਅਫੀਮ, 55 ਕਿਲੋ 800 ਗ੍ਰਾਮ ਚੂਰਾ ਪੋਸਤ, ਇੱਕ ਕਿਲੋ 970 ਗ੍ਰਾਮ ਚਰਸ, 11 ਕਿੱਲੋ 60 ਗ੍ਰਾਮ ਗਾਂਜਾ, 23 ਗ੍ਰਾਮ ਕੋਕੀਨ ਤੇ 5330 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਬਾਕਸ— ਖੁਫੀਆ ਏਜੰਸੀਆਂ ਤੋਂ ਜਾਣਕਾਰੀ ਇਕੱਠੀ ਕਰ ਕੇ ਕੀਤੇ 91 ਤਸਕਰ ਕਾਬੂ ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿਛਲੇ ਮਹੀਨੇ ਐਂਟੀ ਨਾਰਕੋਟਿਕ ਟਾਸਕ ਫੋਰਸ ਤੇ ਸਥਾਨਕ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਇਕੱਠੀ ਕਰ ਕੇ 91 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਮਾਰਚ 2025 ਦੇ ਮਹੀਨੇ ’ਚ 68 ਐੱਫ਼ਐੱਨਡੀਪੀਐੱਸ ਐਕਟ ਤਹਿਤ ਨਸ਼ਾ ਤਸਕਰਾਂ ਨਾਲ ਸਬੰਧਤ ਨਾਜਾਇਜ਼ ਤੌਰ ’ਤੇ ਕਬਜ਼ੇ ਵਾਲੀ 2.80 ਕਰੋੜ ਰੁਪਏ ਦੀ ਕੀਮਤ ਵਾਲੀ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਗ੍ਰਿਫ਼ਤਾਰੀ ਦੇ ਨਾਲ-ਨਾਲ ਇਹ ਮਹੱਤਵਪੂਰਨ ਗਿਣਤੀ ’ਚ ਕੇਸ ਤੇ ਗ੍ਰਿਫ਼ਤਾਰੀਆਂ ਪੁਲਿਸ ਕਾਰਵਾਈਆਂ ਦੀ ਪ੍ਰਭਾਵਸ਼ੀਲਤਾ ਤੇ ਸਖਤ ਲਾਗੂ ਕਰਨ ਨਾਲ ਖੇਤਰ ’ਚ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਦੀ ਵਚਨਬੱਧਤਾ ’ਤੇ ਜ਼ੋਰ ਦਿੰਦੀਆਂ ਹਨ। ਬਾਕਸ– ਰੋਕਥਾਮ ਦੇ ਨਾਲ-ਨਾਲ ਜਾਗਰੂਕਤਾ ’ਤੇ ਵੀ ਦਿੱਤਾ ਜਾ ਰਿਹਾ ਹੈ ਜ਼ੋਰ ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਜਨਤਾ ਨਾਲ ਵਿਸ਼ਵਾਸ਼ ਪੈਦਾ ਕਰਨ ਦੇ ਉਪਰਾਲੇ ਵਜੋਂ ਤੇ ਨਸ਼ਾ ਤਸਕਰਾਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਲੁਧਿਆਣਾ ਕਮਿਸ਼ਨਰੇਟ ਦੇ ਜੀਓਜ਼ ਤੇ ਐੱਸਐੱਚਓਜ਼ ਨੂੰ ਲੋਕਾਂ ਨਾਲ ਸੰਪਰਕ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਨਤੀਜੇ ਵਜੋਂ ਲੁਧਿਆਣਾ ਕਮਿਸ਼ਨਰੇਟ ਦੇ 28 ਥਾਣਿਆਂ ਤੇ ਪੁਲਿਸ ਚੌਕੀਆਂ ਦੇ ਖੇਤਰਾਂ ’ਚ ਪਿਛਲੇ ਮਹੀਨੇ ਲੱਗਭਗ 268 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਸਨ। ਬਾਕਸ– ਹਾਟਸਪਾਟ ’ਤੇ ਰੱਖੀ ਜਾ ਰਹੀ ਹੈ ਖਾਸ ਨਜ਼ਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਟਸਪਾਟ ਦੀ ਪਛਾਣ ਕਰਨ ਤੇ ਉੱਥੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹਾਟਸਪਾਟ ਖੇਤਰਾਂ ’ਚ ਸਤਿਗੁਰੂ ਨਗਰ, ਘੋੜਾ ਕਾਲੋਨੀ, ਅੰਬੇਡਕਰ ਨਗਰ, ਪੀਰੂ ਬੰਦਾ ਮੁਹੱਲਾ ਤੇ ਜਵਾਹਰ ਨਗਰ ਕੈਂਪ ਵਰਗੀਆਂ ਥਾਵਾਂ ਆਉਂਦੀਆਂ ਹਨ, ਜਿੱਥੇ ਲਗਾਤਾਰ ਅਪ੍ਰੇਸ਼ਨ ਕਾਸੋ ਚਲਾਏ ਗਏ ਸਨ। ਬਾਕਸ— ਨਸ਼ਾ ਛੁਡਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਨਸ਼ਾ ਛਡਾਊ/ਮੁੜ ਵਸੇਬਾ ਕੇਂਦਰਾਂ ਦੇ ਪ੍ਰਭਾਵਸ਼ਾਲੀ ਕੰਮਕਾਜ ਲਈ ਸਿਹਤ ਵਿਭਾਗ ਨਾਲ ਸਹੀ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ’ਤੇ ਠੱਲ੍ਹ ਪਾਉਣ ਲਈ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਸਬੰਧੀ ਕੈਮਿਸਟਾਂ ਦੀਆਂ ਦੁਕਾਨਾਂ ਦੀ ਜਾਂਚ ਕਰਨ ਲਈ ਡਰੱਗ ਇੰਸਪੈਕਟਰ ਨਾਲ ਸਾਂਝੇ ਤੌਰ ’ਤੇ ਛਾਪੇ ਮਾਰੇ ਗਏ ਹਨ ਤੇ ਇਹ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ ਪਿਛਲੇ ਇੱਕ ਮਹੀਨੇ ’ਚ ਪੁਲਿਸ ਨੇ ਰੇਲਵੇ ਤੇ ਨਗਰ ਨਿਗਮ ਲੁਧਿਆਣਾ ਨਾਲ ਤਾਲਮੇਲ ਕਰ ਕੇ ਸਰਕਾਰੀ ਜ਼ਮੀਨਾਂ ’ਤੇ ਨਸ਼ਾ ਤਸਕਰਾਂ ਦੀਆਂ 4 ਨਾਜਾਇਜ਼ ਉਸਾਰੀਆਂ ਨੂੰ ਵੀ ਢਾਹਿਆ ਹੈ।



