
ਭਦੌੜ, 6 ਅਗਸਤ : ਇੱਕ ਕਹਾਵਤ ਹੈ ਕਿ ਇਮਾਨਦਾਰੀ ਨਾਲ ਗ਼ਰੀਬੀ ਅਤੇ ਅਮੀਰੀ ਦਾ ਕੋਈ ਵਾਸਤਾ ਨਹੀਂ ਹੈ। ਜੇਕਰ ਵਿਅਕਤੀ ਇਮਾਨਦਾਰ ਹੋਵੇ ਤਾਂ ਗ਼ਰੀਬੀ ਵੀ ਉਸ ਦਾ ਇਮਾਨ ਨਹੀਂ ਡੁਲਾ ਸਕਦੀ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਭਦੌੜ ਖੇਤਰ ’ਚ ਸਾਹਮਣੇ ਆਇਆ ਹੈ। ਲੋਕਾਂ ਦੇ ਘਰਾਂ ’ਚ ਫੁੱਲ ਬੂਟੇ ਲਾਉਣ ਵਾਲੇ ਮਾਲੀ ਸੁਖਵੀਰ ਨੇ ਉਸ ਦੇ ਖਾਤੇ ’ਚ ਆਏ ਇਕ ਲੱਖ ਰੁਪਏ ਵਾਪਸ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਹੋਇਆ ਇੰਝ ਕਿ ਕਸਬਾ ਭਦੌੜ ਦੇ ਸਮਾਜ ਸੇਵੀ ਡਾ. ਦੀਪਕ ਸਿੰਗਲਾ ਨੇ ਆਪਣੇ ਖਾਤੇ ’ਚੋਂ ਇਕ ਲੱਖ ਰੁਪਏ ਦੀ ਰਕਮ ਕਿਸੇ ਫਰਮ ਨੂੰ ਟਰਾਂਸਫਰ ਕਰਨੀ ਸੀ ਪਰ ਉਹ ਰਕਮ ਗਲਤੀ ਨਾਲ ਫੁੱਲ ਬੂਟੇ ਲਾਉਣ ਵਾਲੇ ਸੁਖਬੀਰ ਮਾਲੀ ਦੇ ਖਾਤੇ ਵਿੱਚ ਚਲੀ ਗਈ, ਜੋ ਬਰਨਾਲਾ ਖੇਤਰ ’ਚ ਰਹਿੰਦਾ ਹੈ। ਜਦੋਂ ਡਾ. ਦੀਪਕ ਸਿੰਗਲਾ ਨੂੰ ਉਕਤ ਫਰਮ ਦੇ ਮਾਲਕ ਦਾ ਫੋਨ ਆਇਆ ਕਿ ਤੁਹਾਡੀ ਪੇਮੈਂਟ ਉਨ੍ਹਾਂ ਦੇ ਖਾਤੇ ਵਿੱਚ ਨਹੀਂ ਆਈ ਤਾਂ ਡਾ. ਦੀਪਕ ਸਿੰਗਲਾ ਨੇ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪੇਮੈਂਟ ਗਲਤ ਖਾਤੇ ਵਿੱਚ ਚਲੀ ਗਈ ਹੈ ਪਰ ਉਸ ਨੇ ਸੁਖਬੀਰ ਮਾਲੀ ਨਾਲ ਫੋਨ ’ਤੇ ਰਾਬਤਾ ਕਾਇਮ ਕੀਤਾ ਤਾਂ ਮਾਲੀ ਕਿਸੇ ਕੰਮ ’ਤੇ ਸੀ, ਪਰ ਮਾਲੀ ਤੁਰੰਤ ਆਪਣਾ ਕੰਮਕਾਰ ਛੱਡ ਕੇ ਭਦੌੜ ਵਿਖੇ ਪੀਐੱਨਬੀ ਬੈਂਕ ’ਚ ਪੁੱਜ ਗਿਆ, ਜਿੱਥੇ ਉਸ ਨੇ ਉਕਤ ਇੱਕ ਲੱਖ ਰੁਪਏ ਦੀ ਰਕਮ ਡਾ. ਦੀਪਕ ਸਿੰਗਲਾ ਨੂੰ ਵਾਪਸ ਕੀਤੀ। ਸੁਖਬੀਰ ਮਾਲੀ ਦੀ ਇਸ ਇਮਾਨਦਾਰੀ ਦੀ ਚਰਚਾ ਇਲਾਕੇ ’ਚ ਹੋ ਰਹੀ ਹੈ। ਇਸ ਮੌਕੇ ਬੈਂਕ ਦੇ ਮੈਨੇਜਰ ਅਭਿਤੋਜ ਰਤਨ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਡਾ. ਦੀਪਕ ਸਿੰਗਲਾ ਨੇ ਸੁਖਬੀਰ ਮਾਲੀ ਦਾ ਧੰਨਵਾਦ ਕਰਦਿਆਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਤੇ ਕੁਝ ਨਕਦੀ ਦੇਣ ਦੀ ਵੀ ਪੇਸ਼ਕਸ਼ ਕੀਤੀ, ਪਰ ਸੁਖਬੀਰ ਮਾਲੀ ਨੇ ਆਪਣਾ ਫਰਜ਼ ਦੱਸਦਿਆਂ ਨਕਦੀ ਲੈਣ ਤੋਂ ਇਨਕਾਰ ਕਰ ਦਿੱਤਾ।



