Punjab

ਆੜ੍ਹਤੀਏ ਤੋਂ ਪ੍ਰਤੀ ਗੱਟਾ ਇਕ ਰੁਪਏ ਕਮਿਸ਼ਨ ਲੈਣ ਦਾ ਪਰਦਾਫ਼ਾਸ

ਬਠਿੰਡਾ, 21 ਦਸੰਬਰ : ਸਾਲ 2025 ਦੌਰਾਨ ਕਣਕ ਦੀ ਖਰੀਦ ਵਿੱਚ ਕੁਝ ਅਧਿਕਾਰੀਆਂ ਵੱਲੋਂ ਇਕ ਰੁਪਏ ਪ੍ਰਤੀ ਕਮਿਸ਼ਨ ਆੜ੍ਹਤੀਆਂ ਕੋਲੋਂ ਲਏ ਜਾਣ ਦਾ ਪਰਦਾਫਾਸ਼ ਹੋਇਆ ਹੈ। ਵਿਜੀਲੈਂਸ ਬਿਊਰੋ ਨੇ ਪਨਗ੍ਰੇਨ ਦੇ ਇਕ ਇੰਸਪੈਕਟਰ ਅਤੇ ਆੜ੍ਹਤੀ ਦੇ ਖਿਲਾਫ ਕੁਰੱਪਸ਼ਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਅਜੇ ਤਕ ਇੰਸਪੈਕਟਰ ਅਤੇ ਦਲਾਲ ਆੜ੍ਹਤੀਆ ਫਰਾਰ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਹੋਰ ਆੜ੍ਹਤੀਏ ਰਾਧੇ ਸ਼ਾਮ ਪੁੱਤਰ ਦੁਰਗਾ ਦਾਸ ਵਾਸੀ ਕੋਟਫੱਤਾ ਜ਼ਿਲ੍ਹਾ ਬਠਿੰਡਾ ਨੇ ਪੰਜਾਬ ਸਰਕਾਰ ਦੀ ਐਂਟੀ ਕੁਰੱਪਸ਼ਨ ਹੈਲਪ ਲਾਈਨ ਉੱਪਰ 25 ਨਵੰਬਰ 2025 ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਦੁਰਗਾ ਟਰੇਡਿੰਗ ਅਤੇ ਮੰਨੂ ਟਰੇਡਿੰਗ ਨਾਮ ’ਤੇ ਆੜ੍ਹਤ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਸੀ ਕਿ ਸਾਲ 2025 ਦੀ ਕਣਕ ਦੀ ਖਰੀਦ ਦੌਰਾਨ ਉਸ ਦੀ ਆੜ੍ਹਤ ਰਾਹੀਂ ਪਨਗ੍ਰੇਨ ਵੱਲੋਂ 22,201 ਗੱਟਾ ਕਣਕ ਦਾ ਖਰੀਦ ਕੀਤਾ ਗਿਆ ਸੀ। ਇਸ ਖਰੀਦ ਦੌਰਾਨ ਪਨਗ੍ਰੇਨ ਮੌੜ ਮੰਡੀ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਕ੍ਰਿਸ਼ਨ ਕੁਮਾਰ ਆੜ੍ਹਤੀ ਰਾਹੀਂ ਉਸ ਕੋਲੋਂ ਇਕ ਰੁਪਏ ਪ੍ਰਤੀ ਗੱਟਾ ਕਮਿਸ਼ਨ ਦੀ ਮੰਗ ਕੀਤੀ। ਪੀੜਤ ਆੜ੍ਹਤੀ ਨੇ ਦੱਸਿਆ ਸੀ ਕਿ ਜਦੋਂ ਉਸਨੇ ਕੁਝ ਸਮਾਂ ਪੈਸੇ ਨਾ ਦਿੱਤੇ ਤਾਂ ਇੰਸਪੈਕਟਰ ਭੁਪਿੰਦਰ ਸਿੰਘ ਨੇ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਇਸ ਦੌਰਾਨ 22,201 ਕਣਕ ਦੇ ਗੱਟਿਆਂ ਦਾ ਇੰਸਪੈਕਟਰ ਵੱਲੋਂ ਕ੍ਰਿਸ਼ਨ ਕਮਿਸ਼ਨ ਏਜੰਟ ਰਾਹੀਂ 22000 ਰੁਪਏ ਰਿਸ਼ਵਤ ਲਈ ਗਈ। ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੀ ਪੜਤਾਲ ਦੌਰਾਨ ਦਰਜ ਕੀਤੇ ਗਏ ਬਿਆਨਾਂ, ਪੇਸ਼ ਹੋਏ ਰਿਕਾਰਡ ਅਤੇ ਫਾਈਲ ਨਾਲ ਲੱਗੀਆਂ ਪੈਨ ਡਰਾਈਵ ਦੀ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਰਾਧੇ ਸ਼ਾਮ ਆੜ੍ਹਤੀਏ ਕੋਲੋਂ ਇੰਸਪੈਕਟਰ ਨੇ 22000 ਦੀ ਰਿਸ਼ਵਤ ਹਾਸਲ ਕੀਤੀ ਸੀ। ਮਾਮਲਾ ਦਰਜ ਕਰਨ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਉਪ ਜ਼ਿਲ੍ਹਾ ਅਟਾਰਨੀ ਵਿਜੀਲੈਂਸ ਬਿਊਰੋ ਰੇਜ ਬਠਿੰਡਾ ਦੀ ਲੀਗਲ ਰਾਇ ਲਈ, ਜਿਨ੍ਹਾਂ ਨੇ ਭੱਪਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ ਮੌੜ ਮੰਡੀ ਅਤੇ ਉਸਦੇ ਦਲਾਲ ਕ੍ਰਿਸ਼ਨ ਕੁਮਾਰ ਪੁੱਤਰ ਭੂਰਾ ਰਾਮ ਆੜ੍ਹਤੀਏ ਖਿਲਾਫ ਕੇਸ ਦਰਜ ਕਰ ਲਿਆ ਹੈ। ਫ਼ਿਲਹਾਲ ਇੰਸਪੈਕਟਰ ਤੇ ਦਲਾਲ ਆੜ੍ਹਤੀਆ ਫਰਾਰ ਚੱਲ ਰਹੇ ਹਨ, ਜਿੰਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਨੇ ਟੀਮਾਂ ਦਾ ਗਠਨ ਕਰ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button