ਆਸਟ੍ਰੇਲੀਆ ‘ਚ ਵਧਿਆ ਸਿੱਖ ਭਾਈਚਾਰੇ ਦਾ ਮਾਣ, ਗ੍ਰਿਫਥ ਸਿਟੀ ਕੌਂਸਲ ਨੇ ਚੌਂਕ ਦਾ ਨਾਂ ਰੱਖਿਆ ‘ਖਾਲਸਾ ਚੌਂਕ’

ਮੈਲਬੌਰਨ: ਆਸਟ੍ਰੇਲੀਆ ਵਿੱਚ ਸਿੱਖ ਕੌਮ ਵਲੋਂ ਪਾਏ ਜਾ ਰਹੇ ਵੱਡਮੁਲੇ ਯੋਗਦਾਨ ਦੇ ਚਲਦਿਆਂ ਨਿਊ ਸਾਊਥ ਵੇਲਜ਼ ਸੂਬੇ ਤੇ ਪੰਜਾਬੀਆਂ ਦਾ ਗੜ ਮੰਨੇ ਜਾਣ ਵਾਲੇ ਸ਼ਹਿਰ ਗ੍ਰਿਫਥ ਦੀ ਸਿਟੀ ਕੌਂਸਲ ਨੇ ਚੋਂਕ ਦਾ ਨਾਮ “ਖਾਲਸਾ ਚੌਂਕ” ਰੱਖ ਕੇ ਸਿੱਖ ਭਾਈਚਾਰੇ ਦੇ ਮਾਣ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਿਫਥ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਮੁੱਚੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਉਨਾਂ ਕਿਹਾ ਇਸ ਲਈ ਸਥਾਨਕ ਕੌਂਸਲ ਦੇ ਮੇਅਰ ਤੇ ਸਮੂਹ ਕੌਂਸਲਰਾਂ ਦੇ ਨਾਲ ਨਾਲ ਹੋਰਨਾਂ ਭਾਈਚਾਰਿਆਂ ਨੇ ਵੀ ਇਸ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਜਿਸ ਲਈ ਉਹ ਕੋੌਂਸਲ ਤੇ ਸਮੂਹ ਭਾਈਚਾਰਿਆਂ ਦੇ ਇਸ ਕਾਰਜ ਵਿੱਚ ਦਿੱਤੇ ਸਹਿਯੋਗ ਦੇ ਲਈ ਧੰਨਵਾਦੀ ਹਨ । ਉਨਾਂ ਕਿਹਾ ਕਿ ਗ੍ਰਿਫਥ ਸ਼ਹਿਰ ਨੂੰ ਸਿੱਖ ਖੇਡਾਂ ਤੋ ਬਾਅਦ ਸਿੱਖ ਭਾਈਚਾਰੇ ਦਾ ਦੂਜਾ ਸਭ ਤੋਂ ਵੱਡਾ ਸਮਾਗਮ “ ਸ਼ਹੀਦੀ ਜੋੜ ਮੇਲਾ” ਕਰਾਉਣ ਦਾ ਵੀ ਮਾਣ ਹਾਸਲ ਹੈ। ਇਸ ਸ਼ਹਿਰ ਦੀ ਅਬਾਦੀ ਪੱਚੀ ਹਜ਼ਾਰ ਦੇ ਕਰੀਬ ਹੈ ਪਰੰਤੂ ਸ਼ਹੀਦੀ ਜੋੜ ਮੇਲੇ ਦੇ ਚਲਦਿਆਂ ਦੋ ਦਿਨਾਂ ਦੇ ਵਿੱਚ ਆਸਟ੍ਰੇਲੀਆ ਭਰ ਦੇ ਵਿੱਚੋਂ 30 ਤੋਂ 35 ਹਜ਼ਾਰ ਦੇ ਕਰੀਬ ਸਿੱਖ ਸੰਗਤ ਹਰ ਸਾਲ ਇੱਥੇ ਪਹੁੰਚਦੀ ਹੈ ਤੇ ਜਿਸ ਦੇ ਚਲਦਿਆਂ ਇਸ ਸ਼ਹਿਰ ਦੀ ਆਰਥਿਕਤਾ ਨੂੰ ਵੀ ਦੋ ਦਿਨਾਂ ਦੇ ਵਿੱਚ ਹੀ ਚੰਗਾ ਹੁੰਗਾਰਾ ਮਿਲਦਾ ਹੈ ।
ਸ਼ਹੀਦੀ ਜੋੜ ਮੇਲੇ ਸਬੰਧੀ ਤਿਆਰੀਆਂ ਮੁਕੰਮਲ
ਇਸ ਦੌਰਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਥ ਦਾ 27ਵਾਂ ਸ਼ਹੀਦੀ ਜੋੜ ਮੇਲਾ 7 ਅਤੇ 8 ਜੂਨ ਨੂੰ ਹੋਣ ਜਾ ਰਿਹਾ ਹੈ ਜਿਸ ਬਾਬਤ ਤਿਆਰੀਆਂ ਨੁੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਤੇ ਹੁਣ ਤੱਕ ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਸ਼ਹੀਦ ਹੋਏ ਸਮੂਹ ਸਿੱਖ ਸਹੀਦਾਂ ਦੀ ਯਾਦ ਵਿੱਚ ਗ੍ਰਿਫਥ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 27ਵਾਂ ਸ਼ਹੀਦੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਦੋ ਦਿਨ 7 ਅਤੇ 8 ਨੂੰ ਗ੍ਰਿਫਥ ਦੇ “ਟੇਡ ਸਕੌਬੀ ੳਵਲ” ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਅਤੇ ਸ਼ੁੱਕਰਵਾਰ ਨੂੰ ਭੋਗ ਪਾਏ ਜਾਣਗੇ,ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਅਤੇ ਢਾਡੀ ਜੱਥੇ ਕੀਰਤਨ ਅਤੇ ਕਵੀਸ਼ਰੀ ਵਾਰਾਂ ਨਾਲ ਨਿਹਾਲ ਕਰਨਗੇ।ਦੋ ਦਿਨਾਂ ਜੋੜ ਮੇਲੇ ਦੇ ਖੇਡ ਮੇਲੇ ਵਿੱਚ ਕਬੱਡੀ, ਫੁੱਟਬਾਲ ਸੀਨੀਅਰ ਤੇ ਜੂਨੀਅਰ,ਰੱਸਾਕਸ਼ੀ,ਮਿਊਜੀਕਲ ਚੇਅਰ,ਵਾਲੀਬਾਲ ਸ਼ੂਟਿੰਗ,ਬੱਚਿਆਂ ਦੀਆਂ ਦੌੜਾਂ,ਗਤਕਾ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਮੋਕੇ ਸ਼ਹੀਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।



